(1)
ਤੈਨੂੰ ਵਾਰ ਵਾਰ ਚੁੰਮਣਾ ਚਹੁੰਨਾ
ਦੇਹ ਦੇ ਪਹਿਲੇ ਅਧਿਆਇ ਵਿਚ
ਤੂੰ ਮੇਰੀ ਗੁਰੂਦੇਵ
ਫਿਰ ਸਹੇਲੀ; ਪਤਨੀ, ਪ੍ਰੇਮਿਕਾ, ਔਰਤ ਦੂਜੀ, ਤੀਜੀ, ਚੌਥੀ
ਘਰ ਬਜ਼ਾਰ ਹਾਹਾਕਾਰ;
ਚੁਪ-ਗੜੁਪ
ਬਾਕੀ ਸਾਰੇ ਅਧਿਆਇ ਵਿਆਖਿਆ.
ਮੈਂ ਤੇਰੀ ਵਿਆਖਿਆ ਵਿਚ ਉਲਝਿਆ
ਕਾਮ ਦੇਵ ਦਾ ਉਹ ਤੀਰ ਹਾਂ
ਜੋ ਉਸਦੀ ਭੱਥ ਵਿਚ ਜਨਮ ਲੈਣ ਤੋਂ ਰਹਿ ਗਿਆ ਸਾਂ ਕਿਸੇ ਅਛੂਤ ਵਿਚਾਰ ਕਰਕੇ.
ਤੈਨੂੰ ਵਾਰ ਵਾਰ ਚੁੰਮਣਾ ਚਹੁੰਨਾ,
ਪਰ ਪਤਾ ਨਹੀਂ ਕਿਉਂ
ਮਾਂ ਦੀ ਇਕ ਕਥਾ ਵਿਚ
ਭੈਰੋਂ ਦੀ ਮੂਰਤੀ ਨਾਲ ਬੱਝਾ ਕੁੱਤਾ ਬੜੀ ਜ਼ੋਰ ਨਾਲ ਭੌਂਕਦਾ ਹੈ
ਜਿਸਦੇ ਡਰ ਨਾਲ ਮੇਰਾ ਸਾਰਾ ਬਚਪਨ
ਉਸਦੇ ਕੋਲੋਂ ਜਿੰਨੀ ਵਾਰ ਲੰਘਿਆ ਡਰ ਕੇ ਲੰਘਿਆ
ਤੈਨੂੰ ਚੁੰਮਣਾ ਤਾਂ ਚਹੁੰਨਾ
ਪਰ ਡਰਦਾ ਹਾਂ
ਆਪਣੀ ਪਵਿੱਤਰਤਾ ਦੇ ਭਾਰ ਤੋਂ.
–
(2)
ਜਿੰਨਾ ਕ ਸਰਕਦਾ ਹਾਂ
ਓਨਾ ਕ ਹੋਰ ਕੱਸ ਹੋ ਜਾਂਦਾ ਹਾਂ
ਹੌਲ਼ੀ-ਹੌਲ਼ੀ ਸਰਕਦੀ ਧਰਤੀ
ਹੌਲ਼ੀ-ਹੌਲ਼ੀ ਕੱਸ ਹੁੰਦੀ ਮਿੱਟੀ
ਨਿਕੀ-ਨਿਕੀ ਜੁਦਾ ਹੁੰਦੀ ਦੇਹ ਦੀ ਅਵਾਜ਼ ਦੇਹ ਕੋਲੋਂ
ਆਪਣੇ ਟਾਪੂ ਤੋਂ ਟੁਟਦਾ ਮੈਂਕੋਈ ਹੋਰ ਟਾਪੂ ਬਣਦਾਂ
ਮਿਥਿਹਾਸ ਇਤਿਹਾਸ ਏਸ਼ੀਆ
ਉਤਰ ਦੱਖਣ ਤੋੜਦਾ; ਪੂਰਬ ਪੱਛਮ ਹੁੰਦਾ
ਪਾਨ ਦੇ ਪੱਤਿਆਂ ਤੋਂ
ਟੱਚ ਸਕਰੀਨ ਵਿਚ ਬਦਲਦਾ
ਅਵਾਜ਼ ਉਡਦੀ
ਸਰਕਦੀ ਤੇਰੀ ਨਾਭੀ ਵਿਚੋਂ ਆਉਂਦੀ ਗੰਧ ਵੱਲ
ਮੈਂ ਤੇਰੇ ਅੰਦਰ ਡੁਬਦਾ ਜਾ ਰਿਹਾ ਹਾਂ
ਹੌਲ਼ੀ ਹੌਲ਼ੀ ਕਸ ਹੋਣ ਲਗਦੇ ਨੇ ਤੇਰੇ ਨੈਣ ਨਕਸ਼ ਅਕਾਰ
ਕਸ ਹੋ ਰਹੇ ਨੇ ਨੈਣ ਨਕਸ਼ ਤੇਰੇ
ਤੇ ਇਸ ਕਸ ਵਿਚ ਕੱਸ ਹੋ ਕੇ
ਤਰੇੜੀ ਜਾ ਰਹੀ ਹੈ ਦੇਹ ਮੇਰੀ.
—
(3)
ਗਈ ਰਾਤ
ਮੇਰੀ ਜੇਬ ’ਚ ਕੁਝ ਸਿੱਕੇ ਖਣਕਦੇ ਹਨ
ਹੋਰ ਮੀਢੀ ਜਾਂਦੀ ਹੈ ਝਾਂਜ਼ਰ ਤੇਰੀ
ਜਿਸਤੋਂ ਘਬਰਾਅ ਕੇ
ਮੇਰੀ ਆਪਣੀ ਚੋਰ ਜੇਬ ਵਿਚ ਲੁਕੇ ਜੇਬ-ਕਤਰੇ
ਲਗਾਤਾਰ
ਕੈਂਚੀ ਚਲਾਉਂਦੇ ਹਨ
ਕੋਈ ਨਹੀਂ ਜਾਣਦਾ ਕਿ ਮੇਰੀਆਂ ਅੱਖਾਂ ਵਿਚ ਪਿਘਲਦੇ ਹਨ
ਮੇਰੀ ਜੇਬ ’ਚੋਂ ਚੋਰੀ ਹੁੰਦੇ ਸਿੱਕੇ.
ਇਕ ਦਿਨ
ਇਹ ਕੈਂਚੀ ਚੱਲਣ ਦੀ ਅਵਾਜ਼
ਮੈਨੂੰ ਪਾਗ਼ਲ ਕਰ ਦਏਗੀ.
–
(4)
ਤੇਰੀ ਅਵਾਜ਼ ਦੀਆਂ ਮੁਰਕੀਆਂ ਬਰੀਕੀਆਂ ਨਾਲ
ਵਿੰਗ-ਵਲ਼ ਖਾ ਰਹੀ ਹੈ ਮੇਰੀ ਮੋਟੀ ਚਮੜੀ
ਤੇਰੇ ਧੀਮੇ ਸੁਰ ਵਿਚ ਧਸਦਾ ਜਾ ਰਿਹਾ ਹੈ
ਮੇਰੇ ਖਰਵ੍ਹੇਂ ਲਹਿਜੇ ਦਾ ਸਭ ਤੋਂ ਰੁੱਖਾ ਪਾਸਾ
ਮੇਰੇ ਸਿੱਧ ਪੱਧਰੇ ਖੇਤ
ਉਛਾਲ ਵਿਚ ਹਨ
ਜਿੰਨਾ ਪ੍ਰੇਮੀ ਤੇਰੇ ਨਾਲ ਹੋਇਆ ਹਾਂ
ਕਿਉਂ ਨਹੀਂ ਹੁੰਨਾ ਹਾਂ ਓਨਾ ਕ ਹੀ ਪ੍ਰੇਮੀ
ਆਪਣੀ ਪ੍ਰੇਮਿਕਾ ਨਾਲ, ਪਤਨੀ ਨਾਲ.
ਤੇਰਾ ਪਹਾੜੀ ਗੀਤ
ਜਦੋਂ ਵੀ ਮੇਰੇ ਸਿਰ ਚੜ੍ਹ ਬੋਲੇਗਾ
ਪਹਿਲਾਂ ਮੇਰੇ ਲਾਲ ਨੂੰ ਕਸ਼ੀਦੇਗਾ ਫਿਰ ਨੀਲੇ ਨੂੰ ਖਾ ਜਾਏਗਾ
ਤੇਰੀਆਂ ਗੱਲਾਂ ਵਿਚ ਤੜਫ਼ ਰਿਹਾ ਤੇਰਾ ਪ੍ਰੇਮੀ
ਕਿਥੇ ਚਲਾ ਜਾਂਦਾ ਹੈ ਤੇਰੇ ਇਕ ਇਸ਼ਾਰੇ ਨਾਲ
ਤੂੰ ਕੌਣ ਏਂ
ਬਿਨਾਂ ਜਾਣੇ ਮੈਂ ਤੇਰੇ ਨਾਲ ਉਸ ਸੰਸਾਰ ਵਿਚ ਵਿਚਰ ਰਿਹਾ ਹਾਂ
ਜੋ ਅੱਜ ਰਾਤ ਹੀ
ਸਾਡੇ ਵਿਚਕਾਰ ਦਮ ਤੋੜ ਜਾਏਗਾ
ਸ਼ਾਇਦ ਇਸ ਰਾਤ ਤੋਂ ਬਾਅਦ ਅਸੀਂ ਨਹੀਂ ਮਿਲਾਂਗੇ
ਪਰ ਕਈ ਦਿਨਾਂ ਤੱਕ ਮੇਰੇ ਬੱਦਲ
ਤੇਰੇ ਪਿੰਡ/ਪਿੰਡੇ ਦੇ ਪਹਾੜਾਂ ਨਾਲ ਟਕਰਾਉਂਦੇ ਰਹਿਣਗੇ.
–
(5)
ਤੇਰੀ ਤਸਵੀਰ ਮੈਨੂੰ ਐਨਾ ਨਿਸ਼ਬਦ ਕਰ ਦਏਗੀ
ਕਿ ਮੇਰਾ ਇਕ ਹਿੱਸਾ
ਨਾਰਦ ਵਾਂਗ
ਇਕ ਦੇਵਤੇ ਤੋਂ ਦੂਸਰੇ ਦੇਵਤੇ ਵੱਲ ਵਾਰ ਵਾਰ ਜਾਏਗਾ
ਇਕੋ ਕਥਾ ਦੇ ਅਲੱਗ ਅਲੱਗ ਰੂਪ ਲੈ ਕੇ.
ਤਸਵੀਰ ਤੇਰੀ ਕਦੇ ਮੇਰੀ ਸਕਰੀਨ ਤੇ ਆਉਂਦੀ ਹੈ
ਕਦੇ ਮੇਰੇ ਜ਼ਿਹਨ ’ਚ
ਕਦੇ ਆਤਮਾ ਦੀ ਗੈਲਰੀ ਵਿਚ
ਜਿਸ ਵਿਚ ਸਿਵਾਏ ਕੁਝ ਟੁੱਟੇ ਹੋਏ ਪ੍ਰੇਮ ਸੰਬੰਧਾਂ ਤੋਂ ਕੁਝ ਵੀ ਨਹੀਂ ਬਚਿਆ
ਜਾਂ ਬਚੇ ਰਹਿ ਗਏ ਹਨ ਮੇਰੇ ਕੁਝ ਸਨਕੀ ਵਿਚਾਰ
ਤੇਰੇ ਕੱਪੜਿਆਂ ਦੇ ਰੰਗਾਂ ਵਿਚ
ਉਲਝਦਾ ਜਾ ਰਿਹਾ ਹਾਂ; ਤਰਲੋ ਮੱਛਲੀ; ਬੌਖ਼ਲਾਹਟ
ਵੇਗ ਮੇਰਾ ਲਗਾਤਾਰ ਬਫ਼ਰ ਹੋ ਰਿਹੈ
ਤੇਰੀ ਰੀੜ ਵਿਚ ਜੋ ਅਵਾਜ਼ ਹੈ
ਕੌਣ ਕਰ ਰਿਹਾ ਮੀਊਟ ਉਸਨੂੰ
ਇਕ ਧੰਧਆਇਆ ਚੁੰਮਣ
ਬੁੱਲਾਂ ਨਾਲ ਜੁੜਨ ਲਈ ਕਾਹਲਾ
ਕਿਉਂ ਦਾਅ ਉਪਰ ਲਾ ਦਿੱਤੇ ਹਨ
ਦੇਹ
ਅ-ਦੇਹ
ਆਤਮਾ
ਪਰਮਾਤਮਾ
ਜਦੋਂ ਤਕ ਆਏਗੀ ਆਵਾਜ਼ ਅੰਗਾਂ ’ਚ ਵਾਪਿਸ
ਮੈ ਜਾ ਚੁੱਕਾ ਹੋਵਾਂਗਾ ਆਪਣੀ ਦੁਨੀਆ ਵਿਚ
ਇਹ ਗੱਲ ਵੱਖਰੀ ਹੈ
ਕਿ ਇਕ ਰਹੱਸਮਈ ਚਿਕਨਾਹਟ
ਮੇਰੇ ਆਭਾ-ਮੰਡਲ ਨਾਲ ਚਿੰਬੜੀ ਰਹੇਗੀ.
ਮੈਂ ਆਪਣੇ ਘਰ ਦੇ ਕੋਨੇ ਵਿਚ ਸੁੰਕੜਿਆ ਬੈਠਾ;
ਆਪਣੀਆਂ ਤਮਾਮ ਸ਼ੰਕਾਂਵਾ ਦੀ ਗੰਢ ਬਣਦਾ
ਲਗਾਤਾਰ ਤੇਰੀ ਤਸਵੀਰ ਵਿਚ ਧਸਦਾ ਜਾ ਰਿਹਾ ਹਾਂ,
ਅੰਨ੍ਹੇ ਘੋੜੇ ਦੀ ਹਿਣਕ
ਫੈਲ ਰਹੀ ਹੈ ਮੇਰੇ ਸਾਹਾਂ ਦੀ ਤੇਜ਼ ਹੁੰਦੀ ਰਫ਼ਤਾਰ ਵਿਚ
ਸਾਹ ਮੇਰੇ ਹੋਈ ਜਾ ਰਹੇ ਹਨ ਰੇਗਿਸਤਾਨ
ਛਿਪਦਾ ਜਾ ਰਿਹਾ ਹੈ ਆਸਾ ਪਾਸਾ, ਉੱਚਾ ਨੀਵਾਂ ਸਭ ਉਡਦੀ ਰੇਤ ’ਚ.
ਆਖ਼ਰੀ ਸਾਹ ਨਾਲ
ਹੁਣ ਟੁੱਟੀ ਹੈ ਤਸਵੀਰ ਤੇਰੀ
ਤੇ ਬਫ਼ਰ ਹੋਇਆ ਅੰਤਰਾਲ ਮੇਰਾ ਆਇਆ ਹੈ ਆਖ਼ਰੀ ਹਰਕਤ ਵਿਚ
ਹੁਣ ਜਦੋਂ ਸੂਰਜ
ਲਗਾਤਾਰ ਪੀ ਰਿਹਾ ਹੈ ਧੁਪ ਆਪਣੀ
ਉਸ ’ਚ ਬਚੀ ਆਖ਼ਰੀ ਗਰਮਾਹਟ ਨਾਲ ਮੈਂ ਠੰਡਾ ਕਰ ਰਿਹਾ ਹਾਂ
ਆਪਣੀ ਕੁਲ ਵਿਚੋਂ ਛੇਕਿਆ ਉਹ ਪਲ
ਜਿਸ ਵਿਚ ਤੇਰੀ ਤੜਪ ਵਿਸ਼ ਘੋਲ਼ ਰਹੀ ਹੈ. ਕੁੰਜ ਉਤਾਰ ਰਹੀ ਹੈ.
ਨਾਰਦ ਥੱਕ ਕੇ ਬੈਠ ਗਿਆ ਹੈ
ਤੇਰੀ ਤਸਵੀਰ ਦੇ ਅੰਦਰ ਕਿਤੇ.
–
(6)
ਇਹ ਚੋਰੀ
ਮੈਨੂੰ ਮੇਰੀ ਲੁਕਣ ਮੀਟੀ ਨੇ ਦਿਤੀ ਸੀ
ਮੈਨੂੰ ਐਨਾ ਲੁਕੋ ਕੇ ਰੱਖ ਦਿੱਤਾ ਗਿਆ
ਕਿ ਸਾਹਮਣੇ ਆਉਣਾ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਹਾਸਿਲ ਹੁੰਦਾ ਜਾ ਰਿਹਾ ਸੀ
ਤੈਨੂੰ ਦੇਖਣਾ ਐਨਾ ਤਿੱਖਾ ਹੈ
ਤੈਨੂੰ ਛੂਹਣਾ ਕੀ ਹੋਏਗਾ
ਮੇਰੀ ਦੇਹ ’ਚ ਛੁਪਿਆ ਪੰਛੀ
ਕਦੋਂ ਦਾ ਚੁਗ ਚੁੱਕਾ ਹੁੰਦਾ
ਆਤਮਾ ਵਿਚ ਡਿਗਿਆ ਉਹ ਦਾਣਾ
ਜਿਸਦੇ ਅੰਦਰ ਇਕ ਨੰਗਾ ਤਲਿਸਮਈ ਨਾਚ ਬੰਦ ਹੈ
ਇਕ ਫੁੱਲ ਮੇਰੀ ਛਾਤੀ ਦੀ ਉਸ ਤਰੇੜ ਵਿਚੋਂ ਬਾਹਰ ਆਉਣਾ ਸੀ
ਜਿਥੋਂ ਹੁਣ ਇਕ ਨ੍ਰਿਤਕੀ ਦੀਆਂ ਚੀਕਾਂ ਬਾਹਰ ਆਉਦੀਆਂ ਹਨ
ਇਹ ਚੀਕ ਮੇਰੀਆਂ ਸਾਰੀਆਂ ਕੁਲਾਂ ਨੂੰ ਪਾਗ਼ਲ ਕਰਕੇ ਰੱਖੇਗੀ
ਤੇ ਧਰਤੀ ਦੀ ਅਗਲੀ ਹਰਕਤ ਤੱਕ
ਇਹ ਸ਼ਰਾਪ ਮੇਰੀ ਆਂਦਰ ਨਾਲ ਜੁੜਿਆ ਰਹੇਗਾ.
ਇਹ ਚੋਰੀ ਮੈਨੂੰ ਲੈ ਬੀਤੇਗੀ.
–
(7)
ਹਰਿਕ ਵਸਤੂ ਕਾਮ ਨਾਲ ਭਰ ਰਹੀ ਹੈ
ਭਾਰਾ ਹੋ ਰਿਹਾ ਕੱਪੜ
ਨਿਕ ਸੁਕ ਸਭ
ਇਕ ਇਕ ਹਰਕਤ ਨਵੇਂ ਅੰਗਾਂ ਦੀ ਤਲਾਸ਼ ਵਿਚ
ਕੱਚ ਘਰੜ ਹੋ ਰਹੀ ਹੈ ਸਭਿਅਤਾ ਦੇ ਉਸ ਖੰਡਰ ਵਿਚ
ਜਿਸਨੇ ਅਜੇ ਲੱਭਣਾ ਹੈ ਆਪਣੇ ਯਾਤਰੀ ਨੂੰ
ਤੇਰੇ ਪਿੰਡੇ ਵਿਚ ਭਰ ਰਿਹਾ
ਰਸ
ਕੋਟਿ ਜਨਮ, ਕਾਇਆ, ਸ਼ਕਲ, ਸੂਰਤ, ਬਦਸੂਰਤ, ਅਕਾਰ
ਛਿਜਦਾ ਜਾ ਰਿਹਾ ਸਮਾਂ-ਸਪੇਸ
ਸਟਰੀਟ-ਲਾਈਟ ਦੀ ਗਿੱਲੀ ਰੌਸ਼ਨੀ
ਉਤਰ ਆਈ ਹੈ ਸੜਕਾਂ ’ਪੁਰ
ਜਿਸਦੇ ਹੇਠਾਂ ਮੈਂ ਚੁੰਮਿਆ ਸੀ ਤੈਨੂੰ ਕੁੱਲ ਦੁਨੀਆਂ ਦੀਆਂ ਭਾਸ਼ਾਵਾਂ ਉਲੰਘ ਕੇ
ਜਾਂ ਹੋ ਰਿਹਾ ਪੱਥਰ ਭਾਰਾ ਮੇਰੀ ਛਾਤੀ ਅੰਦਰ/ਉਪਰ
ਜੋ ਸ਼ਾਮਿਲ ਸੀ ਸਾਡੀ ਰਗੜ ਵਿਚ
ਦੁੱਧ ਚਿੱਟੇ ਉਡਦੇ ਝਰਨੇ ਦੀ ਬਗ਼ਲ ’ਚ
ਵੇਗ ਮੇਰੇ ਪੈਰ ਦੇ ਅੰਗੂਠੇ ਤੋਂ ਚਲ ਕੇ ਮੇਰੇ ਕੋਪਾਲ ਵਿਚੋਂ ਨਿਕਲ ਰਿਹੈ
ਤੇਰੀ ਦੇਹ ਦੀ ਅੰਧੇਰੀ ਸੜਕ ’ਤੇ ਛੜੱਪਦੀ
ਅੰਨ੍ਹੇ ਝੀਂਗਰਾਂ ਦੀ ਅਵਾਜ਼ ਨਾਲ ਪਾਗ਼ਲ ਹੋ ਰਹੀ
ਗਰਭਵਤੀ ਹਿਰਨੀ
ਆਪਣੀ ਫਿਕੀ/ਫੋਕੀ ਕਸਤੂਰੀ ਨੂੰ ਭੁਲ ਕੇ ਲਗਾਤਾਰ ਪਿਆਰ ਕਰ ਰਹੀ ਹੈ
ਮੇਰੇ ਸਰੀਰ ਅੰਦਰ ਜਮਾ ਹੋਏ
ਮੇਰੇ ਹਿਮ
ਪਿਘਲ ਕੇ ਹੋ ਰਹੇ ਹਨ ਸਨਮੁਖ ਤੇਰੇ/ਮੇਰੇ/ਉਸਦੇ/ਕਿਸਦੇ
ਮੈਂ ਤੈਨੂੰ ਹੋਰ ਆਵੇਗ ਵਿਚ
ਪਿਆਰ ਕਰਨ ਲਈ
ਆਪਣੇ-ਆਪ ਨੂੰ ਉਸ ਦਵੰਧ ਵਿਚ ਜਕੜਦਾ ਜਾ ਰਿਹਾ ਹਾਂ
ਜਿਹੜਾ ਮੇਰੇ ਪੂਰਵਜਾਂ ਨੇ
ਕਿਸੇ ਦੈਵੀ ਸ਼ਕਤੀ ਦੀ ਯੋਨੀ ਵਿਚ ਰੱਖਿਆ ਸੀ
ਤੇ ਵਰ ਪਾਇਆ ਸੀ ਦੇਵਤਾ
ਜੋ ਤੇਰੇ ਖ਼ਿਆਲ ਵਿਚ ਦੋੜਦੀ ਹਿਰਨੀ ਦੇ ਗਰਭ ਵਿਚ ਹਰਕਤ ਲੈ ਰਿਹਾ.
ਮੈਂ ਆਪਣੀ ਬਰਫ਼ ਵਿਚ ਜੰਮਿਆ
ਮਾਸ ਦਾ ਨਿੱਕਾ ਜਿਹਾ ਟੁਕੜਾ ਹਾਂ ਜੋ ਹੁਣੇ ਅਲੋਪ ਹੋ ਜਾਏਗਾ
ਜਿਵੇਂ ਹੀ ਖੁੱਲ੍ਹੇਗੀ ਅੱਖ ਤੇਰੀ
ਪਰ ਇਸ ਵਕਤ
ਹਰਿਕ ਵਸਤੂ ਕਾਮ ਨਾਲ ਭਰ ਰਹੀ ਹੈ
ਮੈਂ ਤੇਰੇ ਸੁਫ਼ਨੇ ਵਿਚ ਬੰਦ
ਇਕ ਪਾਗ਼ਲ ਕੈਦੀ
ਆਪਣੇ ਨਹੁੰ ਨਾਲ ਲਿਖ ਰਿਹਾ ਕੰਧਾਂ ਉਪਰ ਕਵਿਤਾ ਕੋਈ;
ਨਿਰਵਸਤਰ.
—
‘ਇਤੀ’ ਵਿਚੋਂ