ਇਹ 3 ਕਵਿਤਾਵਾਂ ‘ਇਤੀ’ ਕਿਤਾਬ ਵਿਚ ‘ਬੁੱਢੀ ਤਿਤਲੀ ਦਾ ਮਿਥਿਹਾਸ ਅਤੇ ਨੰਗਾ ਰੱਬ’ ਅਧਿਆਏ ਵਿਚ ਸ਼ਾਮਿਲ ਹਨ।

(1)

|| ਇਤਿਹਾਸਿਕ ਮਿਥਿਹਾਸ ||

ਇਕ ਖ਼ਿਆਲ ਦੇ ਤੇਤੀਵੇਂ ਕਰੋੜ ਖਾਨੇ ਵਿਚ
ਪਿਆ ਹੈ ਇਤਿਹਾਸ.
ਇਤਿਹਾਸਕਾਰ ਬੈਠਾ ਕੋਲ ਉਸਦੇ;
ਚੁਪ ਚਾਪ ਪੋਥੀਆਂ ਵਿਚ ਪੋਥੀ ਹੋਇਆ. ਬਾਂਹ ਤੇ ਬੈਠੀ ਹੈ ਤਿਤਲੀ

ਇਸ ਪੋਥੀ ਦਾ ਇਤਿਹਾਸ ਕੌਣ ਲਿਖੇਗਾ
ਇਹ ਇਤਿਹਾਸ ਦੀ ਲਿੱਪੀ ਕੌਣ ਘੜੇਗਾ
ਇਸ ਲਿੱਪੀ ਦਾ ਅਕਾਰ ਕਿਹੜਾ, ਕੌਣ ਕਿਸ ਸਾਣ ਉਪਰ ਧਰੇਗਾ

ਅੱਜ ਜੋ ਜਨਮ ਲੈ ਰਿਹਾ
ਕੱਲ੍ਹ ਉਹ ਦੇਵਤਾ ਬਣੇਗਾ
ਫਿਰ ਦੂਸਰੇ ਦੇਵਤੇ ਹੱਥ ਇਹ ਦੇਵਤਾ ਮਰੇਗਾ
ਦੇਵ ਦਾਨਵ ਦਾ ਫ਼ਰਕ ਮਿਟੇਗਾ
ਬੰਦਾ ਅੱਗੇ ਪੈਰ ਧਰੇਗਾ, ਬੰਦੇ ਤੋਂ ਅੱਗੇ ਨਿਕਲ ਜਾਵੇਗਾ. ਹੱਥ ਨਹੀਂ ਆਵੇਗਾ.

ਸਾਡੇ ਕੋਲ ਖ਼ਿਆਲ ਹੈ; ਖਿਆਲ ਦਾ ਇਤਿਹਾਸ ਹੈ, ਮਿਥਿਹਾਸ ਹੈ;
ਪਰ ਇਸਦਾ ਕੋਈ ਸਿਰਾ ਨਹੀਂ. ਇਸ ਸਿਰੇ ਉਪਰ ਰਹਿੰਦਾ ਹੈ ਇਕ ਸ਼ਬਦ

ਜਿਸਦੇ ਬਾਰੇ ਮਿਥਿਹਾਸ ਲਿਖਦੀ ਐ ਤਿਤਲੀ

ਤਿਤਲੀ ਦਾ ਕੋਈ ਮਿਥਿਹਾਸ ਨਹੀਂ ਹੁੰਦਾ.

(2)
|| ਲੋਹੇ ਦਾ ਪਿਤਾ ਬ੍ਰਹਮਾ ਦਾ ਪਿਤਾ ਹੈ ||

ਉਹ ਅੱਗ ਵਿਚੋਂ ਬਾਹਰ ਕੱਢ ਰਹੀ ਹੈ ਮਿੱਟੀ
ਮਿੱਟੀ ਅੰਦਰ ਬਰਫ਼ ਦਾ ਗੋਲਾ, ਜਿਸਨੂੰ ਵੇਖੇ ਪ੍ਰਥਮ ਉਂਗਲ ਛੁਹਾ

ਬਾਹਰ ਖੜ੍ਹਾ ਜਨਮ; ਜਨਮ ਜਨਮ ਜੰਮ ਕੇ

ਪਿਤਾ ਘੂਰੇ, ਪਿਤਾ ਡੋਲੇ; ਜੀਭ ਕੁਪੱਤੀ ਕੁਝ ਨਾ ਬੋਲੇ
ਪਿਤਾ ਲੋਹੇ ’ਚੋਂ ਲੋਹਾ ਬਾਹਰ ਕੱਢਦਾ
ਮੂੰਹੋਂ ਇਕ ਚਮਕਦੀ ਲਾਰ ਛੱਡਦਾ
ਮਿੱਥ ਨੂੰ ਛੇੜਦਾ, ਮਿੱਥ ਨੂੰ ਵੱਢਦਾ; ਮਿੱਥ ਭਲਾ ਹੁਣ ਕੀ ਕਰੇ॥

ਜਨਮ ਅਗਲਾ ਜਨਮ ਲਵੇ;

ਮਾਂ ਦੀ ਨਾਭੀ ਵਿਚੋਂ ਲੱਪ ਲੱਪ ਮਿੱਟੀ ਪੁਟਦੀ,
ਮਾਂ ਦੀ ਨਾਭੀ ਵਿਚੋਂ ਕੱਢ ਕੇ ਮਿੱਟੀ ਥਾਂ-ਕੁ-ਥਾਂ ਪਏ ਟੋਏ ਵਿਚ ਸੁਟਦੀ;
ਸੋਚਦੀ ਕਿ ਇਸ ਮਿਟੀ ਵਿਚ ਕੰਵਲ ਖਿਲੇਗਾ
ਪਰ ਕੰਵਲ ਦੇ ਫੁੱਲ ਨੂੰ ਹੈ ਦਲਦਲ ਦਾ ਸ਼ਰਾਪ;
ਪਾਣੀ ਦਾ ਵਰ॥

ਮਿੱਟੀ ਦੇ ਅੰਦਰ ਡੂੰਘਾ ਦੌੜਦਾ ਪਾਣੀ.

ਇਸ ਪਾਣੀ ਵਿਚ ਮੇਘ ਹੈ ਇਕ ਸੁੱਕ ਗਿਆ;
ਅਗਨ ਦੇਵ ਹੈ ਬੁੱਝ ਗਿਆ;
ਵਰੁਣ ਬੰਜ਼ਰ.
ਇੰਦਰ ਨ੍ਰਿਤਕੀ, ਨੱਚੀ ਜਾਵੇ-ਕੰਮ ਨਾ ਆਵੇ-
ਨਾਰਾਇਣ ਨਾਰਾਇਣ.

ਇਸ ਖ਼ਿਆਲ ਨਾਲ ਮਾਂ ਨੂੰ ਚੁੰਮਣਾ
ਲੋਹਾ ਚੁੰਮਣ ਬਰੋਬਰ

ਲੋਹਾ ਉਸਦਾ ਪੁੱਤ ਪਲੇਠਾ;
ਲੋਹੇ ਤੋਂ ਬੜਾ ਡਰਦਾ ਹੁਣ॥

(3)
|| ਏਕ ਕ੍ਰਿਸ਼ਨ ਬਿਨਾਂ ਅਰਜੁਨ ਕੇ ||

ਕ੍ਰਿਸ਼ਨ ਤੇਜ਼ ਦੌੜਦੀ ਗੱਡੀ ਵਿਚ ਬੈਠਾ ਹੈ ਅਡੋਲ
ਤਿੰਨ ਚੱਕਰ ਗੋਲ; ਇਕ ਕਦੇ ਮੁੜਦਾ, ਕਦੇ ਦੱਬਦਾ, ਅਵਾਜ਼ ਕਰਦਾ, ਦੌੜਦਾ
ਲੇਨ ਵਿਚੋਂ ਬਾਹਰ ਹੋ ਰਿਹਾ ਕ੍ਰਿਸ਼ਨ,
ਅੱਖਾਂ ਕੁਝ ਨਾ ਵੇਖਦੀਆਂ ਸਭ ਕੁਝ ਵੇਖ ਰਹੀਆਂ ਅੱਖਾਂ
ਗੋਪੀਆਂ ਤਿਤਲੀਆਂ, ਮੋਰ ਖੰਭ ਕਾਲੇ, ਚੰਦਰ ਮੰਦਰ ਦੇਵ ਪਿਆਰੇ, ਸਭ ਹਾਰੇ,
ਕ੍ਰਿਸ਼ਨ ਨਾ ਵੇਖੇ॥

ਮੀਟਰ ਦੀ ਸੂਈ ਡੋਲ ਰਹੀ ਹੈ, ਕ੍ਰਿਸ਼ਨ ਅਡੋਲ
ਗੱਡੀ ਦੌੜ ਰਹੀ ਹੈ॥

ਕ੍ਰਿਸ਼ਨ ਦੀ ਜੇਬ ਵਿਚ ਇਕ ਕਾਰਡ ਜ਼ੋਰ ਨਾਲ ਹਿਲਦੈ. ਅਤਾ-ਪਤਾ ਗਾਇਬ.
ਮੀਰਾ, ਰਾਧਾ, ਰੁਕਮਣੀ॥
ਅੱਜ ਕ੍ਰਿਸ਼ਨ ਉਡਣਾ ਚਾਹੇ, ਅਰਜੁਨ ਦੇ ਉਸ ਤੀਰ ਨਾਲ ਜਿਹੜਾ-
ਮਹਾਂਭਾਰਤ ਵੇਲੇ ਨਹੀਂ ਸੀ ਚੱਲਿਆ.

ਕ੍ਰਿਸ਼ਨ ਰੀਅਰ ਵਿਯੂ ਵਿਚ ਵੇਖੇ. ਹੱਸੇ, ਰੋਵੇ.
ਸੋਚੇ ਬੰਸਰੀ ਦਾ ਦਸਮ ਦੁਆਰ
ਕਿ ਕ੍ਰਿਸ਼ਨ ਹਮੇਸ਼ਾਂ ਗੀਤਾ ਵਿਚ ਹੁੰਦੈ ਜਾਂ ਮਹਾਂਭਾਰਤ ਵਿਚ ਜਾਂ ਹੋ ਸਕਦੈ ਰੱਥ ਤੋਂ ਬਾਹਰ
ਵਰਤਮਾਨ ਵਿਚ ਨਹੀਂ ਹੁੰਦਾ ਹੈ ਕ੍ਰਿਸ਼ਨ

ਅੱਜ ਕ੍ਰਿਸ਼ਨ ਬੈਠਾ ਹੈ ਤੇਜ਼ ਦੌੜਦੀ ਗੱਡੀ ਵਿਚ ਅਡੋਲ.
ਪੰਜਵਾਂ ਚੱਕਰ ਲੱਕੜ ਦਾ ਦੌੜ ਰਿਹਾ
ਕ੍ਰਿਸ਼ਨ ਦੇ ਅੰਦਰ ਥਾਂ ਕੱਚੀ ’ਤੇ. ਚਿੱਟਾ ਘੋੜਾ ਖੜ੍ਹਾ ਹੈ ਕੋਲ॥

ਚਿੱਟਾ ਘੋੜਾ ਛਾਲ ਲਗਾ ਕੇ ਕਿਸ ਦੇ ਸਿਰ ’ਜਾ ਬੈਠਾ ਹੈ
ਕੀ ਇਹ ਉਹੀ ਤਿਤਲੀ ਹੈ, ਹਾਂ ਇਹ ਉਹੀ ਤਿਤਲੀ ਹੈ
ਜਿਸਦੇ ਰੰਗਾਂ ਵਿਚ ਰੰਗ ਸਾਰੇ ਪਰ ਚਿੱਟਾ ਰੰਗ ਕੋਈ ਨਹੀਂ ਸੀ.
ਅੰਗ-ਅੰਗ ਤੀਕਣ ਕੱਚ ਦੇ ਅੰਗ ਸਨ
ਪਰ ਕੋਈ ਕੱਚ ਦੀ ਵੰਗ ਨਹੀਂ

ਇਕ ਕੱਚ ਦੀ ਸੰਗ ਸੀ; ਉਹ ਵੀ ਨਿਛੋਹੀ ਟੁੱਟ ਗਈ

ਇਸ ਦਿਨ ਕ੍ਰਿਸ਼ਨ ਪਾਗ਼ਲ ਹੋਇਆ ਸੀ
ਇਸ ਦਿਨ ਅਰਜੁਨ ਨੇ ਕ੍ਰਿਸ਼ਨ ਦੇ ਪੈਰ ਵਿਚ ਤੀਰ ਮਾਰਿਆ.
ਚਿੱਟਾ ਘੋੜਾ ਬੜਾ ਰੋਇਆ ਸੀ

ਇਸ ਦਿਨ ਕ੍ਰਿਸ਼ਨ ਮਨੁੱਖ ਹੋਇਆ ਸੀ. ਇਸ ਗੀਤਾ ਦਾ ਸਾਰ
ਮੀਰਾ, ਰਾਧਾ, ਰੁਕਮਣੀ॥

ਤੇਜ਼ ਦੌੜਦੇ ਰੰਗਾਂ ਵਿਚ ਅਡੋਲ ਬੈਠਾ ਹੈ ਮੋਰ;
ਬੁੱਢੀ ਤਿੱਤਲੀ ਉੱਡ ਰਹੀ ਹੈ
ਸ਼ੇਸ਼ਨਾਗ ਦੇ ਕੋਲ.

ਸ਼ਿਵਦੀਪ । ਕਿਤਾਬ ‘ਇਤੀ’
ਅਧਿਆਏ: ਬੁੱਢੀ ਤਿਤਲੀ ਦਾ ਮਿਥਿਹਾਸ ਅਤੇ ਨੰਗਾ ਰੱਬ

Write A Comment