Anna Swir, Poland
ਐਨਾ ਸਵਿਰ: ਗਰੀਬ ਮਾਂ-ਬਾਪ ਦੀ ਇਕਲੌਤੀ ਧੀ; ਆਪਣੇ ਆਪ ਤੋਂ ਸੁਤੰਤਰ ਕਵਿੱਤਰੀ; ਰਿਸ਼ਤੇ, ਰੰਗਾਂ ਅਤੇ ਉਹਨਾਂ ਦੀਆਂ ਸ਼ੇਡਜ਼, ਸ਼ੇਡਜ਼ ਹੇਠਾਂ ਆਈਆਂ ਚੀਜ਼ਾ ਵਿਚ ਜੰਮੀ, ਪਲੀ, ਜੀਵੀ ਅਤੇ ਦੇਹ ਦੇ ਦੁਆਰ ਤੋਂ ਪਾਰ ਲੰਘ ਗਈ; ਪਰ ਐਨਾ ਸਵਿਰ ਕੋਈ ਫ਼ੋਕਾ ਅਧਿਆਤਮਕ ਕਿੱਸਾ ਬਿਲਕੁਲ ਨਹੀਂ; ਨਾ ਉਹ ਗਿਆਨ ਵੰਡਣ ਦਾ ਆਡੰਬਰ ਰਚਦੀ ਹੈ। ਐਨਾ ਆਪ ਇਕ ਬਹੁਤ ਕੱਸੀ, ਤਣੀ ਹੋਈ ਕਵਿਤਾ ਹੈ, ਜੋ ਰੇਤ ਦੇ ਇਕ ਕਣ ਦੀ ਦੂਸਰੇ ਕਣ ਨਾਲ ਵੀ ਵਿਰਲ ਨਹੀਂ ਰਹਿਣ ਦਿੰਦੀ। ਉਸਦੇ ਕੋਲ ਤਿੱਖੀ ਨਜ਼ਰ ਜਿੰਨਾ ਹੀ ਪੋਲਾ ਦਿੱਲ ਹੈ। ਉਸਨੇਂ ਆਪਣੇ ਜ਼ਿੰਦਗੀ ਵਿਚ ਸ਼ਾਮਿਲ ਹਰਿਕ ਚੀਜ਼, ਰਿਸ਼ਤੇ ਬਾਰੇ ਕਵਿਤਾਵਾਂ ਲਿਖੀਆਂ ਹੋਣਗੀਆਂ। ਐਨਾ ਦੀ ਕਵਿਤਾ ਵਿਚ ਭਾਵੁਕਤਾ ਹੈ ਪਰ ਭਾਵੁਕ ਬਿਆਨਬਾਜ਼ੀ ਬਿਲਕੁਲ ਨਹੀਂ। ਪੰਜਾਬੀ ਵਿਚ ਇਸ ਤਰਾਂ ਦੀਆਂ ਸੁਤੰਤਰ ਅਤੇ ਕੱਸਵੀਆਂ ਕਵਿਤਾਵਾਂ ਲਿਖਣ ਵਾਲੇ ਵੈਸੇ ਹੀ ਘਟ ਹਨ। ਐਨਾ ਸਵਿਰ ਸ਼ਬਦ ਥਾਂ ਸਿਰ ਰੱਖਦੀ, ਵਾਕ ਬਣਾਉਦੀ ਅਤੇ ਕਵਿਤਾ ਬੁਣਦੀ ਚੀਜਾਂ, ਘਟਨਾਵਾਂ ਅਤੇ ਕਵਿਤਾ ਵਿਚ ਆਏ ਲੋਕਾਂ ਨਾਲ ਜਾ ਖੜਦੀ ਹੈ; ਮੈਂ ਹਮੇਸ਼ਾ ਉਸਨੂੰ ਉਸਦੀ ਕਵਿਤਾ ਵਿਚ ਤੁਰਦੇ ਦੇਖਦਾਂ ਹਾਂ; ਸੁਤੰਤਰ।
-ਸ਼ਿਵਦੀਪ
———-
1.
ਕਵਿਤਾ ਸੁਣਾਉਣਾ
ਮੈਂ ਕਈ ਵਾਰ
ਠੰਡ ਵਿਚ ਠਿਠਰ ਰਹੇ ਇਕ ਕੁਤੇ ਵਾਂਗ
ਆਪਣੇ ਆਪ ’ਚ ਗੋਲ ਹੋ ਜਾਂਦੀ ਹਾਂ-
ਗੇਂਦ ਵਰਗੀ
ਮੈਂਨੂੰ ਕੌਣ ਦੱਸੇਗਾ
ਕਿ ਮੈਂ ਕਿਉਂ ਜੰਮੀ ਸੀ
ਕਿਉਂ ਇਸ ਕਰੂਪਤਾ ਨੂੰ
ਜ਼ਿੰਦਗੀ ਕਿਹਾ ਜਾਂਦਾ.
ਫੋਨ ਦੀ ਘੰਟੀ ਵੱਜਦੀ ਹੈ
ਮੈਂਨੂੰ ਕਵਿਤਾ ਪੜਨ ਲਈ ਜਾਣਾ ਪੈਣਾ
ਮੈਂ ਜਿਵੇਂ ਹੀ ਹਾਲ ਵਿਚ ਦਾਖ਼ਿਲ ਹੁੰਦੀ ਹਾਂ
ਸੈਂਕੜੇ ਲੋਕ, ਸੈਂਕੜੇ ਅੱਖਾਂ ਦੇ ਜੋੜੇ ਮੇਰੇ ਵੱਲ ਵੇਖਦੇ ਹਨ
ਮੈਂਨੂੰ ਉਡੀਕਦੇ ਹਨ
ਮੈਂ ਜਾਣਦੀ ਹਾਂ ਕਿ
ਉਹ ਸਭ ਮੈਨੂੰ ਕਿਉਂ ਉਡੀਕ ਰਹੇ ਹਨ
ਮੈਂ ਉਹਨਾਂ ਸਭ ਨੂੰ ਦੱਸਣਾ ਹੈ
ਕਿ ਉਹ ਕਿਉਂ ਜੰਮੇ ਸਨ,
ਤੇ ਇਹ ਜੋ ਕਰੂਪਤਾ ਹੈ
ਇਸਨੂੰ ਜ਼ਿੰਦਗੀ ਕਿਉਂ ਕਿਹਾ ਜਾਂਦਾ ਹੈ.
*
2.
ਮੈਂ ਕਮੀਜ਼ ਧੋਂਦੀ ਹਾਂ
ਮੈਂ ਆਖ਼ਰੀ ਵਾਰ
ਆਪਣੇ ਮਰ ਚੁੱਕੇ ਪਿਤਾ ਦੀ ਕਮੀਜ਼ ਧੋ ਰਹੀਂ ਹਾਂ
ਕਮੀਜ਼ ਵਿਚੋਂ ਉਸਦੇ ਪਸੀਨੇ ਦੀ ਮਹਿਕ ਆਉਂਦੀ ਹੈ
ਇਹ ਪਸੀਨਾ ਮੈਨੂੰ ਬਚਪਨ ਤੋਂ ਯਾਦ ਹੈ
ਬਹੁਤ ਸਾਲਾਂ ਤੋਂ
ਮੈਂ ਆਪਣੇ ਪਿਤਾ ਦੀਆਂ ਕਮੀਜ਼ਾਂ ਅਤੇ ਉਸਦੇ ਅੰਡਰਵੀਅਰ
ਧੋਂਦੀ ਆ ਰਹੀ ਹਾਂ-
ਵਰਕਸ਼ਾਪ ਵਿਚ ਪ੍ਰੈਸ ਨਾਲ ਸੁਖਾਉਂਦੀ
ਜੇਕਰ ਮੈਂ ਅਜਿਹਾ ਨਾ ਕਰਦੀ
ਤਾਂ ਉਹ ਇਹਨਾਂ ਨੂੰ ਬਿਨਾਂ ਪ੍ਰੈਸ ਕੀਤੇ ਹੀ ਪਹਿਨ ਲੈਂਦਾ
ਦੁਨੀਆਂ ਭਰ ਦੇ ਜੀਵ ਜੰਤ ਵਿਚ
ਸਿਰਫ਼ ਇਕ ਦੇਹ ਕੋਲ ਇਸ ਤਰਾਂ ਦਾ ਪਸੀਨਾ ਹੈ
ਮੈਂ ਆਖ਼ਰੀ ਵਾਰ ਇਹ ਮਹਿਕ
ਆਪਣੇਂ ਸਾਹ ਨਾਲ ਅੰਦਰ ਖਿਚਦੀ ਹਾਂ
ਅਤੇ ਕਮੀਜ਼ ਧੋ ਕੇ
ਇਸਨੂੰ ਹਮੇਸ਼ਾ ਲਈ ਖ਼ਤਮ ਕਰ ਦਿੰਨੀ ਹਾਂ
ਪਿਤਾ,
ਹੁਣ ਸਿਰਫ਼ ਚਿਤਰਾਂ ਵਿਚ ਜੀਵਤ ਰਹੇਗਾ
ਜਿੰਨਾ ਵਿਚੋਂ ਸਿਰਫ਼ ਤੇਲ ਦੀ ’ਬੂ ਆਉਂਦੀ ਹੈ
*
3.
ਸਭ ਤੋਂ ਵੱਡਾ ਪਿਆਰ-ਪ੍ਰਸੰਗ
ਉਹ ਸੱਠ ਦੀ ਹੈ,
ਤੇ ਆਪਣੇ ਜੀਵਨ ਦਾ
ਸਭ ਤੋਂ ਵੱਡਾ ਪਿਆਰ ਪ੍ਰਸੰਗ ਜੀਅ ਰਹੀ ਹੈ
ਆਪਣੇ ਪ੍ਰੇਮੀ ਨਾਲ
ਬਾਹਾਂ ਵਿਚ ਬਾਹਾਂ ਪਾ ਕੇ ਘੁੰਮਦੀ ਦੇ
ਵਾਲ, ਹਵਾ ‘ਚ ਲਹਿਰਾਉਂ ਹਨ
ਤਾਂ ਉਸਦਾ ਪ੍ਰੇਮੀ ਕਹਿੰਦਾ ਹੈ
“ਤੇਰੇ ਵਾਲ ਮੋਤੀਆਂ ਵਰਗੇ ਹਨ”.
ਤੇ ਉਹਦੇ ਬੱਚੇ
ਉਹਨੂੰ ‘ਦੀਵਾਨੀ ਬੁੱਢੀ’ ਕਹਿੰਦੇ ਹਨ.
*
4.
ਅੰਦਰੋਂ ਇਕ
ਮੈਂ ਤੇਰੇ ਘਰ ਵੱਲ ਆ ਰਹੀ ਹਾਂ
ਪਿਆਰ ਦੀ ਦਾਵਤ ਵਾਸਤੇ
ਸੜਕ ਕਿਨਾਰੇ ਖ਼ੜੀ
ਇਕ ਬੁੱਢੀ ਮੰਗਤੀ ਨੂੰ ਦੇਖਦੀ ਹਾਂ
ਉਸਦਾ ਹੱਥ ਫੜਦੀ
ਉਸਦੀ ਗਲ ਚੁੰਮਦੀ
ਗੱਲਾਂ ਕਰਦਿਆਂ ਮੈਂ ਇਕ ਪਲ ਵਿਚ ਜਾਣ ਲਿਆ
ਕਿ ਅੰਦਰੋਂ ਉਹ ਬਿਲਕੁਲ ਮੇਰੇ ਵਰਗੀ ਹੈ,
ਇਕ ਕਿਸਮ
ਜਿਵੇਂ ਇਕ ਕੁੱਤਾ
ਦੂਸਰੇ ਕੁੱਤੇ ਨੂੰ ਉਸਦੀ ਗੰਧ ਨਾਲ ਜਾਣ ਲੈਂਦਾ ਹੈ
ਮੈਂ ਉਸਨੂੰ ਕੁੱਝ ਪੈਸੇ ਦਿਤੇ
ਪਰ ਉਸਤੋਂ ਜੁਦਾ ਨਹੀਂ ਹੋ ਸਕੀ
ਆਖ਼ਿਰ ਬੰਦੇ ਨੂੰ ਕੋਈ ਚਾਹਿਦਾ ਹੁੰਦਾ
ਜੋ ਉਸਦੇ ਬਹੁਤ ਨੇੜੇ ਹੋਵੇ
ਤੇ ਇਸਤੋਂ ਬਾਅਦ
ਕਿ ਮੈਂ ਤੇਰੇ ਘਰ ਵੱਲ ਨੂੰ ਕਿਉਂ ਚਲ ਰਹੀ ਹਾਂ
ਬਿਲਕੁਲ ਨਹੀਂ ਜਾਣਦੀ.
*
5.
ਮੈਂ ਆਪਣੀ ਦੇਹ ਨਾਲ ਗੱਲ ਕਰਦੀ ਹਾਂ
ਦੇਹ,
ਤੂੰ ਇਕ ਜਾਨਵਰ ਹੈਂ
ਜਿਸਦਾ ਸੁਭਾਅ ਹੈ
ਧਿਆਨ ਤੇ ਅਨੁਸ਼ਾਸ਼ਨ.
ਜਿਵੇਂ ਇਕ ਦੌੜਾਕ, ਸੰਤ ਜਾਂ ਯੋਗੀ ਦੀ
ਕੋਸ਼ਿਸ਼
ਸ਼ਾਇਦ ਇਸੇ ਕੋਸ਼ਿਸ਼ ਨਾਲ
ਤੂੰ ਇਕਦਿਨ ਮੇਰੇ ਲਈ ਉਹ ਦਰਵਾਜ਼ਾ ਬਣ ਜਾਏਂ
ਜਿਸ ਰਾਂਹੀ ਮੈਂ ਬਾਹਰ ਚਲੇ ਜਾਣਾ ਹੈ
ਜਿਸ ਰਾਂਹੀ ਮੈਂ ਆਪਣੇ ਅੰਦਰ ਉਤਰਣਾ
ਜਿਵੇਂ ਕੋਈ ਤਾਰ ਧਰਤੀ ਦੇ ਮੱਧ ਨੂੰ ਉਤਰਦੀ ਹੈ
ਜਾਂ ਬ੍ਰਹਿੰਮੰਡੀ ਤਸ਼ਤਰੀ ਬ੍ਰਹਸਪਤੀ ਵੱਲ ਵੱਧਦੀ ਹੈ
ਮੇਰੀ ਦੇਹ,
ਤੂੰ ਇਕ ਜਾਨਵਰ ਹੈਂ
ਜਿਸਦੀ ਲਾਲਸਾ ਸਹੀ ਹੈ
ਅਤੇ ਇਸਦੇ ਰਾਹੀਂ ਸਾਡੇ ਲਈ
ਕਮਾਲ ਦੀਆਂ
ਸੰਭਾਵਨਾਵਾਂ ਖੁੱਲੀਆਂ ਹਨ.
—
ਅੰਗਰੇਜ਼ੀ ਤੋਂ ਅਨੁਵਾਦ- ਸ਼ਿਵਦੀਪ *
Translated from Polish by Czeslaw Milosz & Lenard Nathan *
ਕਵਿਤਾ ਨੰਬਰ 4 ਦਾ ਸਿਰਲੇਖ ਕੁੰਵਰ ਨਰਾਇਣ ਵਲੋਂ ਹਿੰਦੀ ਵਿਚ ਅਨੁਵਾਦ ਕੀਤੀ ਕਵਿਤਾ ਵਿਚੋਂ ਲਿਆ ਹੈ *
–
ਇਹ ਅਨੁਵਾਦ ਪੰਜਾਬੀ ਮੈਗਜ਼ੀਨ ‘ਫ਼ਿਲਹਾਲ’ -ਅੰਕ 29 ਵਿਚ ਛਪ ਚੁੱਕਾ ਹੈ.
-ਸ਼ਿਵਦੀਪ