ਮੈਨੂੰ ਕਦੇ ਵੀ ਪਿੰਡ ਉਸ ਤਰਾਂ ਯਾਦ ਨਹੀਂ ਆਇਆ ਕਿ ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ। ਨਾ ਹੀ ਰਸੂਲ ਹਮਜਾਤੋਫ਼ ਵਾਂਗ ਮੁਲਕ ਨਾਲ ਪਿਆਰ ਪਿਆ; ਸਮੇਂ ਸਮੇਂ ਦੀ ਗੱਲ ਹੈ, ਦੇਸ਼ ਦੇਸ਼ ਦਾ ਸੌਦਾ ਹੈ; ਦੇਸ਼ਵਾਸੀਆਂ ਦਾ ਵੀ। ਗਿਆਨੀ ਗੁਰਦਿਤ ਸਿੰਘ ਦਾ ਲਿਖਿਆ ਪਿੰਡ ਦਾ ਮੂੰਹ-ਮੱਥਾ ਮੈਨੂੰ ਕਈ ਵਾਰ ਹੈਰਾਨ ਤਾਂ ਕਰਦਾ ਹੈ; ਹਲਚਲ ਨਹੀਂ ਕਰਦਾ। ਪਰ ਜਦੋਂ ਕੱਲ ਦੀ ਪਿੰਡ ਗੇੜੀ ਯਾਦ ਕਰ ਰਿਹਾ ਹਾਂ ਤਾਂ ਗਿਆਨੀ ਜੀ ਦੇ ‘ਮੇਰੇ ਪਿੰਡ’ ਦੀਆਂ ਕਈ ਸਤਰਾਂ ਯਾਦ ਆ ਰਹੀਆਂ ਹਨ; ਚਾਹੇ ਪਿੰਡ ਉੰਝ ਦੇ ਨਹੀਂ ਰਹੇ, ਪਰ ਆਤਮਾ ਸ਼ਾਇਦ ਉਵੇਂ ਹੀ ਹੈ। ਗਿਆਨੀ ਜੀ ਲਿਖਦੇ ਹਨ ਕਿ “ ਮੇਰੇ ਪਿੰਡ ਦੀਆਂ ਖ਼ੂਬਸੂਰਤ ਗਲੀਆਂ ਦਾ ਪੂਰੇ ਵੇਰਵੇ ਨਾਲ ਵਰਣਨ ਮੈਂ ਇਸ ਕਰਕੇ ਨਹੀਂ ਕਰਦਾ ਕਿ ਕਿਧਰੇ ਚੰਡੀਗੜ ਨੂੰ ਸਿਰਜਣ ਵਾਲਾ ਫਰਾਂਸਿਸੀ ਇੰਜੀਨੀਅਰ ਸਾਡੇ ਪਿੰਡ ਵੱਲ ਨੂੰ ਵਹੀਰਾਂ ਨਾ ਪਾ ਦਏ ” ਜਾਂ “ਥੋੜੇ ਦਿਨਾਂ ਪਿਛੋ ਚੀਨ ਦੀ ਜੰਗ ਦਾ ਗੋਗਾ ਫੈਲਿਆ, ਤਾਂ ਆਫ਼ਿਸਰ ਨੇ ਰਹਿੰਦੀ ਰਕਮ ਦੇਸ਼ ਨੂੰ ਖ਼ਤਰਾ ਦੱਸ ਕੇ ਫੰਡ ਲਈ ਹੂੰਝ ਲਈ। ਅਖੇ ਜੀ ਜੇ ਦੇਸ਼ ਨਾ ਰਿਹਾ ਤਾਂ ਆਪਾਂ ਕਿਥੇ ਰਹਾਂਗੇ।” ਗਿਆਨੀ ਜੀ ਨੂੰ ਕੌਣ ਦੱਸੇ ਕਿ ਫਾਰਮੂਲਾ ਤਾਂ ਅੱਜ ਵੀ ਉਹੀ ਹੈ; ਤੇ ਨਾਲ ਚੀਨ ਵਾਲਾ ਗੋਗਾ ਫੈਲ ਗਿਆ ਹੈ। ਅਮਿਤੋਜ਼ ਵਾਂਗ ਮੇਰੇ ਪਿੰਡ ਦਾ ਸੂਰਜ ਵੀ ਹੋਰ ਤਰਾਂ ਹੀ ਚੜਦਾ-ਲਿਥਦਾ ਤਾਂ ਹੈ ਪਰ ਹਾਂ ਉਸਦੀ ਬਾਲਕਨੀ ਵਾਂਗ ਮੇਰੇ ਬਾਲਕਨੀ ਵਿਚੋਂ ਕੜੱਚ ਦੇਣੀ ਨਹੀਂ ਡਿਗਦਾ। ਸ਼ਾਇਦ ਇਹੀ ਵਜਾਹ ਹੋ ਸਕਦੀ ਹੈ ਕਿ ਇਹ ਬਾਲਕਨੀ ਮੈਂ ਪੂਰੇ ਸ਼ਹਿਰ ਤੋਂ ਬਾਹਰ, ਇਕ ਪਿੰਡ ਦੀ ਜੂਹ ਉਪਰ ਇਸੇ ਸੂਰਜ ਕਰਕੇ ਲਈ ਹੋਵੇ, ਤਾਂ ਕਿ ਮੈਂ ਪਿੰਡ ਅਤੇ ਸ਼ਹਿਰ ਦੋਹਾਂ ਵਿਚ ਇਕੋ ਵੇਲੇ ਰਹਿ ਸਕਾਂ।

ਖੈਰ 10-12 ਸਾਲ ਪਹਿਲਾਂ ਜਦੋਂ ਪਿੰਡ ਛੱਡਿਆ ਸੀ ਤਾਂ ਕਦੇ ਲੱਗਿਆ ਨਹੀਂ ਸੀ ਕਿ ਵਾਪਿਸ ਆਵਾਂਗਾ। ਮੈਂ ਹਮੇਸ਼ਾ ਇਹੀ ਸੋਚਿਆ ਕਿ ਹੁਣ ਅੱਗੇ ਤੋਂ ਅੱਗੇ ਚਲ ਸੋ ਚਲ ਹੈ; ਡਾਲ ਡਾਲ ਕਭੀ ਪਾਤ ਪਾਤ। ਪਹਿਲੇ 7-8 ਸਾਲ ਮੈਂ ਲਗਾਤਾਰ ਸ਼ਹਿਰ ਬਦਲੇ। ਬਿਗਾਨੇ ਮੁਲਕ ਅਤੇ ਉਥੋਂ ਦੇ ਅਲੱਗ ਅਲੱਗ ਸ਼ਹਿਰਾਂ ਦਾ ਵੀ ਸਵਾਦ ਦੇਖਿਆ; ਵਾਪਿਸ ਆ ਕੇ ਫਿਰ 6-7 ਅਲੱਗ ਅਲੱਗ ਥਾਂਵਾ ਉਪਰ ਰਿਹਾ। ਇਹਨਾਂ ਦਿਨਾਂ ਵਿਚ ਹੀ ਇਕ ਲੰਮਾ ਲੇਖ ਲਿਖਿਆ ਸੀ, ‘ਕੁੱਝ ਵੀ ਘਰ ਨਹੀਂ ਹੁੰਦਾ।’ ਫਿਰ ਅਚਾਨਕ ਇਸ ਸ਼ਹਿਰ ਵਿਚ ਆ ਕੇ ਰਹਿਣ ਲੱਗ ਪਿਆ ਜਿਸਨੂੰ ਜਲੰਧਰ ਕਹਿੰਦੇ ਹਨ: ਹੌਲੀ ਹੌਲੀ ਇਥੇ ਘਰ ਬਣ ਗਿਆ; ਹੈਰਤ। ਪਿਤਾ ਦੀ ਮੌਤ ਤੋਂ ਬਾਅਦ ਪੱਗ ਮੇਰੇ ਸਿਰ ਆ ਗਈ। ਉਸਦੀਆਂ ਛੱਡੀਆਂ ਜਿੰਮੇਵਾਰੀਆਂ ਨਿਭਾਉਣ ਦੀ ਇਕ ਨਾਕਾਮ ਕੋਸ਼ਿਸ਼ ਵਿਚ ਪਿੰਡ ਜਾਣਾ ਬਣਿਆ ਰਹਿੰਦਾ ਹੈ; ਮੈਂ ਆਪਣੇ ਪਿਤਾ ਜਿੰਨਾ ਠੰਡਾ, ਸੰਵੇਦਨਸ਼ੀਲ ਅਤੇ ਜੜਾ ਨਾਲ ਜੁੜਿਆ ਬੰਦਾ ਕਦੇ ਨਹੀਂ ਬਣ ਸਕਦਾ; ਮੈਂ ਤੇ ਕਵਿਤਾ ਵਿਚ ਜਿੰਨੀ ਵਾਰ ਆਪਣੇ ਪਿਤਾ ਬਾਰੇ ਲਿਖਿਆ ਉਸਨੂੰ ‘ਬਾਪ’ ਹੀ ਕਿਹਾ ਕਿਉਂ ਕਿ ਪਿਤਾ ਸ਼ਬਦ ਮੇਰੇ ਲਈ ਕਵਿਤਾ ਵਿਚ ਹਮੇਸ਼ਾ ਅਟਕਦਾ ਰਿਹਾ ਹੈ। ਅੱਜ ਪਿੰਡ ਬਾਰੇ ਲਿਖ ਰਿਹਾ ਤਾਂ ਉਹ ਮੈਨੂੰ ਪਿਤਾ ਬਣਕੇ ਯਾਦ ਆ ਰਿਹਾ ਹੈ। ਹਮੇਸ਼ਾ ਇਹ ਕਹਿ ਕੇ ਜਾਂਦਾ ਹਾਂ ਕਿ 3-4 ਦਿਨ ਪਿੰਡ ਰੁਕਾਂਗਾ ਪਰ ਦੂਸਰੇ ਦਿਨ ਭੱਜ ਆਉਂਦਾ ਹਾਂ, ਪਤਾ ਨਹੀਂ ਕਿਉਂ। ਬਚਪਨ ਵਿਚ ਪੈਰ ਉਖੜਦਾ ਤਾਂ ਦਾਦੀ ਕਹਿੰਦੀ ਕੌਡੇ ਰਾਕਸ਼ ਤੋਂ ਬਚਿਆ ਕਰ; ਮੈਨੂੰ ਅੱਜ ਤੱਕ ਪਤਾ ਨਹੀਂ ਲੱਗਾ ਕਿ ਕੌਡਾ ਰਾਕਸ਼ ਕੌਣ ਹੈ। ਹੁਣ ਕਰਫਿਊ ਖੁਲਿਆ ਤਾਂ ਇਕ ਅਜ਼ੀਬ ਅਵਾਜ਼ ਖਿੱਚ ਕੇ ਮੈਨੂੰ ਪਿੰਡ ਲੈ ਗਈ, ਇਹਨਾਂ ਦੋ ਮਹੀਨਿਆਂ ਵਿਚ ਪਹਿਲੀ ਵਾਰ ਆਪਣੇ ਮੁਹੱਲੇ ਤੋਂ ਬਾਹਰ ਨਿਕਲਿਆਂ ਹਾਂ; ਤੇ ਪਿਛਲੇ ਕਈ ਸਾਲਾਂ ਵਿਚ ਪਹਿਲੀ ਵਾਰ ਇੰਨ ਖ਼ਿੱਚ ਨਾਲ ਪਿੰਡ ਵੱਲ।

ਪਿੰਡ ਵਾਲਾ ਘਰ ਪਿੰਡ ਤੋਂ ਕਾਫ਼ੀ ਬਾਹਰ ਹੈ, ਆਂਤਕ-ਜਾਂਤਕ ਨਹੀਂ ਹੈ ਬਹੁਤੀ। ਆਲੇ ਦੁਆਲੇ ਖੇਤ ਹਨ; ਛੋਟੇ ਹੁੰਦਿਆਂ ਪਿੰਡ ਵਾਲੇ ਨਿੱਕੇ ਬਾਜ਼ਾਰ ਵਿਚ ਜਾਣਾ ਇੰਝ ਲਗਦਾ ਸੀ ਕਿ ਜਿਵੇਂ ਦੂਸਰੀ ਧਰਤੀ ਉਪਰ ਜਾਣਾ ਹੋਵੇ। ਨੀਲੇ ਦਸਤਾਨੇ ਅਤੇ ਕਾਲੇ ਮਾਸਕ ਵਿਚ ਮੈਨੂੰ ਆਪਣਾ ਆਪ ਬੜਾ ਓਪਰਾ ਲੱਗਿਆ; ਉਤਾਰ ਦਿਤੇ ਅਤੇ ਆਲੇ ਦੁਆਲੇ ਵਿਚ ਘੁਲਣ ਦੀ ਕੋਸ਼ਿਸ਼ ਕੀਤੀ। ਘਰੇ ਆਲੂ-ਬਾਖਾਰੇ, ਸੇਬ, ਚੀਕੂ, ਅੰਬ, ਅਮਰੂਦ, ਬਦਾਮ, ਨਿੰਬੂ ਗਲਗਲ ਅਤੇ ਸਬਜ਼ੀਆਂ ਆਦਿ ਦੇ ਪੌਦਿਆਂ ਦੇ ਨਾਲ ਵਿਚ ਬੈਠਾ, ਮੈਂ ਇਕ ਰਹੱਸਮਈ ਠੰਡਕ ਮਹਿਸੂਸ ਕਰ ਰਿਹਾ ਹਾਂ। ਸਭ ਪੌਦਿਆਂ ਦੀ ਤਸਵੀਰਾਂ ਖਿਚ ਕੇ ਆਪਣੇ ਕਵੀ ਦੋਸਤਾਂ ਨੂੰ ਭੇਜਦਾ ਹਾਂ। ਸ਼ਾਮ ਨੂੰ ਇਕਾ ਦੁੱਕਾ ਦੋਸਤਾਂ ਦੇ ਫੋਨ ਆਉਂਦੇ ਹਨ ਕਿ ਜਲਦੀ ਇਕ ਸ਼ਰਾਬੀ ਸ਼ਾਮ ਪਿੰਡ ਬਿਤਾਵਾਂਗੇ; ਹਾਂ ਕਹਿ ਕੇ ਮੈਂ ਉਸ ਸ਼ਾਮ ਬਾਰੇ ਸੋਚਣ ਲਗਦਾ ਹਾਂ। ਬਹੁਤ ਦਿਨਾਂ ਬਾਅਦ ਇੰਨੀ ਸ਼ਾਂਤੀ ਦੇਖੀ ਹੈ; ਮੇਰਾ ਸਿਸਟਮ ਰੀਬੂਟ ਹੋ ਰਿਹਾ ਹੈ ਹੌਲੀ ਹੌਲੀ। ਅੰਦਰ ਪੈਣ ਦੀ ਬਜਾਏ ਮੰਜਾ ਡਾਹ ਕੇ ਅੰਬ ਥੱਲੇ ਪੈ ਕੇ ਆਰਾਮ ਕਰਦਾ ਹਾਂ; ਯਾਦ ਨਹੀਂ ਇੰਨੇ ਆਰਾਮ ਨਾਲ ਕਦੋਂ ਲੇਟਿਆਂ ਹਾਂ। ਮੈਂ ਇਹਨਾਂ ਫਲਦਾਰ ਰੁੱਖਾਂ ਨੂੰ ਦੇਖਦਾ ਹਾਂ, ਇਹਨਾਂ ਵਿਚੋਂ ਬਹੁਤੇ ਮੇਰੇ ਪਿਤਾ ਨੇ ਲਗਾਏ ਸਨ; ਮਹਿਸੂਸ ਕਰਦਾ ਹਾਂ ਕਿ ਉਹ ਇਹਨਾਂ ਰਾਂਹੀ ਮੇਰੇ ਆਸੇ ਪਾਸੇ ਹੀ ਹੈ ਘੁੰਮ ਰਿਹਾ ਹੈ। ਮੈਂ ਬੜੇ ਸਾਲਾਂ ਬਾਅਦ ਇਸ ਤਰਾਂ ਮਹਿਸੂਸ ਕੀਤਾ ਹੈ ਸ਼ਾਇਦ। ਪਿਤਾ ਦੀ ਮੌਤ ਉਪਰ ਲਿਖਿਆ ਸੀ ਕਿ ਆਦਮੀ ਭੁਰ ਚੁੱਕੇ ਫਿੰਗਰ ਪ੍ਰਿੰਟਸ ਦਾ ਬਾਰੂਦਾ ਹੈ, ਇਹਨਾਂ ਵਿਚੋਂ ਕੁੱਝ ਕਵਿਤਾਵਾਂ ਇਸੇ ਸਿਰਲੇਖ ਨਾਲ ‘ਇਤੀ’ ਵਿਚ ਸ਼ਾਮਿਲ ਹਨ; ਅੱਜ ਲੱਗ ਰਿਹਾ ਕਿ ਇਹੀ ਬਾਰੂਦਾ ਇਹ ਰੁੱਖਾਂ-ਪੌਦਿਆਂ ਦੀ ਆਤਮਾ ਹੈ। ਕਿੰਨਾ ਸਕੂਨ ਅਤੇ ਊਰਜਾ ਹੈ; ਇਹ ਨਿਕੇ ਨਿਕੇ ਫ਼ਲ, ਪੌਦੇ ਹਰਿਆਲੀ ਨਵੀਂ ਜ਼ਿੰਦਗੀ ਦਾ ਸੁਨੇਹਾ ਦਿੰਦੇ ਹਨ; ਮੁੜ ਬਣਨ-ਵਿਗਸਣ ਦਾ ਚੇਤਾ ਵੀ। ਮੈਂ ਸੋਚਦਾਂ ਹਾਂ ਕਿ ਸਭ ਕੁੱਝ ਪਹਿਲਾਂ ਵਾਂਗ ਹੀ ਸਧਾਰਨ; ਹੁਣ ਕਦੇ ਕਦੇ ਸੋਚਦਾ ਹਾਂ ਕਿ ਮੈਂ ਇਥੋਂ ਕਿਉਂ ਚਲਾ ਗਿਆ ਸੀ। ਇੰਨਾ ਸਧਾਰਨਤਾ ਕਿਥੇ ਹੈ ਹੁਣ। ਪਿੰਡ ਕਦੇ ਵੀ ਸ਼ਹਿਰ ਨੂੰ ਨਹੀਂ ਖਾਂਦਾ; ਪਿਡ ਦਾ ਬੰਦਾ ਤਾਂ ਵਿਚਾਰਾ ਸ਼ਹਿਰ ਵਿਚ ਜਾ ਕੇ ਵੀ ਪਿੰਡ ਹੀ ਲਭਦਾ ਹੈ। ਇਧਰ-ਉਧਰ ਨੁੱਕਰਾਂ ਵਿਚ ਪਿੰਡ ਬਚਾਉਂਦਾ ਰਹਿੰਦਾ ਹੈ। ਲੱਭਦਾ ਲੱਭਦਾ ਗੁਆਚ ਜਾਂਦਾ ਹੈ ਤੇ ਇਕ ਦਿਨ ਮਾਰਿਆ ਜਾਂਦਾ ਹੈ। ਪਿੰਡ ਸ਼ਾਇਦ ਛੱਡੀ ਜਾ ਕੇ ਚੁੱਕੀ ਕੁਦਰਤ ਦਾ ਹੀ ਦੂਸਰਾ ਨਾਂ ਹੈ; ਆਪੇ ਫਾਥੜੀਏ , ਤੈਨੂੰ ਕੌਣ ਛੁਡਾਵੇ। ਬਹੁਤੇ ਲੋਕ ਹਾਲੇ ਵੀ ਛਲ-ਕਪਟ ਤੋਂ ਦੂਰ ਹਨ। ਕਦੇ ਕਦੇ ਬਹੁਤ ਆਨੰਦ ਮਹਿਸੂਸ ਕਰਦਾ ਹਾਂ ਕਿ ਹਾਲੇ ਵੀ ਪਿੰਡਾ ਨੇ ਆਪਣੀ ਖ਼ੂਬਸੂਰਤੀ ਬਹੁਤ ਹੱਦ ਤੱਕ ਬਚਾ ਕੇ ਰੱਖੀ ਹੋਈ ਹੈ। ਪਤਾ ਨਹੀਂ ਪਿੰਡ ਬਾਰੇ ਲਿਖ ਰਿਹਾ ਹਾਂ ਕਿ ਪਿਤਾ ਬਾਰੇ। ਵਾਪਿਸ ਸ਼ਹਿਰ ਆ ਗਿਆ ਹਾਂ ਪਰ ਆਤਮਾ ਅਜੇ ਵੀ ਉਥੇ ਹੀ ਘੁੰਮ ਰਹੀ ਹੈ।

ਮੈਨੂੰ ਯਾਦ ਹੈ ਕਿ ਰਸੂਲ ਆਪਣੀ ਕਿਤਾਬ ਦੇ ਵਿਚ ਮੁਖਬੰਧ ਦੀ ਥਾਂ ਦੀ ਸ਼ੁਰੂਆਤ ਵਿਚ ਕੁੱਝ ਇਸ ਤਰਾਂ ਲਿਖਦਾ ਕਿ ਨੀਂਦ ਖੁੱਲੇ ਤਾਂ ਇਕਦਮ ਬਿਸਤਰ ਉਪਰੋਂ ਨਾ ਉਤਰੋ ਕਿ ਜਿਵੇਂ ਤੁਹਾਨੂੰ ਕਿਸੇ ਨੇ ਡੰਗ ਮਾਰਿਆ ਹੋਵੇ। ਪਹਿਲਾਂ ਜੋ ਕੁੱਝ ਤੁਸੀਂ ਸੁਫਨੇ ਵਿਚ ਦੇਖਿਆ ਹੈ, ਉਸਨੂੰ ਵਿਚਾਰੋ।

ਇਤੀ ਵਿਚ ਇਕ ਕਵਿਤਾ ਹੈ:
ਮੈਨੂੰ ਖੇਤ ਵਿਚ ਖੜ੍ਹਾ ਬੇਚੈਨ ਬਲ਼ਦ ਵੀ
ਤੇਰਾ ਸ਼ਬਦ ਲੱਗਿਆ
ਜਿਸਨੂੰ ਕਿਸੇ ਨੇ ਸਿੰਗਾਂ ਤੋਂ ਫੜ੍ਹ ਰੱਖਿਆ ਹੋਵੇ.

ਇਹ ਸੁਫ਼ਨਾ ਪਿੰਡ ਹੈ। ਮੈਂ ਇਸ ਸੁਫ਼ਨੇ ਨੂੰ ਵਿਚਾਰਦਾ ਵੀ ਹਾਂ ਅਤੇ ਇਸਤੋਂ ਡੰਗ ਵੀ ਖਾਂਦਾ ਹਾਂ। ਮੇਰੇ ਲਈ ਇਹ ਬਲਦ ਅੱਜ ਵੀ ਉਸੇ ਬਾਹਰਲੇ ਖੇਤ ਵਿਚ ਖੜਾ ਹੈ, ਕਿਸੇ ਅਦਿਖ ਸ਼ਕਤੀ ਨਾਲ ਮੱਥਾ ਲਾਈ। ਜਦੋਂ ਵੀ ਪਿੰਡ ਬਾਰੇ ਸੋਚਦਾ ਹਾਂ ਤਾਂ ਇਹ ਬਲਦ ਮੇਰੇ ਸੁਫਨੇ ਵਿਚ ਆਉਂਦਾ ਹੈ ਤਾਂ ਮੈਂ ਡਰ ਜਾਂਦਾ ਹਾਂ। ਸ਼ਾਇਦ ਇਹੀ ਵਜਾਹ ਸੀ ਕਿ ਮੈਂ ਬਹੁਤ ਘੱਟ ਪਿੰਡ ਜਾਂਦਾ ਸਾਂ। ਜਿਥੇ ਬਹੁਤਾ ਪਿਆਰ ਹੋਵੇ, ਮਨ-ਮੁਟਾਵ ਵੀ ਉਥੇ ਹੀ ਹੁੰਦਾ ਹੈ। ਕੱਲ ਇਸੇ ਚੁੱਪ ਖੇਤ ਕੋਲੋਂ ਲੰਘ ਕੇ ਮੈਂ ਤਕਰੀਬਨ ਦੋ ਮਹੀਨੇ ਦੇ ਲਾਕਡਾਊਨ ਤੋਂ ਬਾਅਦ ਪਿੰਡ ਗਿਆਂ; ਉਸ ਖੇਤ ਵਿਚ ਬਲਦ ਨਹੀਂ ਸੀ। ਕੀ ਮੈਂ ਸੱਚਮੁਚ ਪਿੰਡ ਗਿਆ ਸਾਂ? ਪਿਛਲੇ ਦਿਨੀ ਮੈਨੂੰ ਕਮਰੇ ਵਿਚ ਘੋੜਾ ਦਿਖਾਈ ਦਿੰਦਾ ਸੀ, ਹੁਣ ਬਲਦ ਚੇਤੇ ਆ ਗਿਆ;
ਹੋ ਸਕਦਾ ਹੈ ਕਿ ਘੋੜਾ ਅਤੇ ਬਲਦ ਦੋਨੋਂ ਮੇਰੀ ਹੈਲੁਸਨੇਸ਼ਨ ਹੋਣ।

-ਸ਼ਿਵਦੀਪ

From Balcony

( ਫੋਟੋ ਘਰ ਮੂਹਰੇ ਪਿੰਡ ਦੀ ਸੜਕ ਅਤੇ ਸ਼ਹਿਰ ਦੀ ਬਾਲਕਨੀ ਵਿਚੋਂ ਡਿਗਦੇ ਸੂਰਜ ਦੀ ਹੈ)

Write A Comment