King Is Insane By Poems By Shivdeep
ਪਤਾ ਨਹੀਂ ਕਿਉਂ ਇਹਨਾਂ ਕਵਿਤਾਵਾਂ ਨੂੰ ਮੈਂ ਆਪਣੀ ਕਵਿਤਾ ਤੋਂ ਵੱਖ ਦੇਖਦਾ ਹਾਂ। ਇਹ ਲਿਖਤਾਂ ਜੰਗ ਦੇ ਦਿਨਾਂ ਵਿਚ ਯੁੱਧ ਭੂਮੀ ਵਿਚ ਡਿੱਗੇ/ਲੜ ਰਹੇ ਜਖ਼ਮੀ ਦੋਸਤ ਨੇ, ਮੇਰੇ ਆਪਣੇ ਨੇ, ਮੈਂ ਹਾਂ; ਇਹ ਸਭ ਠੀਕ ਉਦੋਂ ਵਾਪਰ ਰਿਹਾ ਸੀ ਜਦੋਂ ਮੈਂ ਹੰਗਾਮੀ ਦਿਨਾਂ ਵਿਚ ਲਗਾਤਾਰ ਆਪਣੀ ਪ੍ਰੇਮਿਕਾ ਵੱਲ ਦੌੜ ਰਿਹਾ ਸੀ; ਜਿਵੇਂ ਮੈਂ ਕਰਫਿਊ ਲੰਘ ਕੇ ਆਪਣੀ ਪ੍ਰੇਮਿਕਾ ਨੂੰ ਚੁੰਮਣਾ ਹੋਏ. ਰਸਤੇ ਵਿਚ ਮਹਾਂਭਾਰਤ ਲੰਘਣਾ ਸੀ ਨੰਗੇ ਪੈਰੀਂ; ਤੇ ਮੈਂ ਲੋਹੇ ਉਪਰ ਲਗਾਤਾਰ ਦੌੜਿਆ. ਉਸਦਾ ਪਿਆਰ ਮੈਨੂੰ ਇੰਝ ਲੈ ਉੜੇਗਾ ਸੋਚਿਆ ਨਹੀਂ ਸੀ.
ਮੈਂ ਮਹਿਸੂਸ ਕੀਤਾ ਹੈ
ਕ੍ਰਿਸ਼ਨ ਨੂੰ ਅਰਜੁਨ ਦਾ ਧਨੁੱਖ ਚੋਰੀ ਕਰਕੇ,
ਰਾਧਾ ਵੱਲ ਵੱਧਦੇ ਹੋਏ.
(ਕਵਿਤਾਵਾਂ ਲਿਖੀ ਜਾ ਰਹੀ ਸੀਰੀਜ਼ ‘ਮੇਰੇ ਪਿੰਡ ਦਾ ਰਾਜਾ ਪਾਗ਼ਲ ਹੈ’ ਵਿਚੋਂ)
1.
ਕੀ ਸੱਚਮੁੱਚ ਹੋ ਜਾਏਗਾ
ਇਕ ਰੰਗ ਦੁਨੀਆ ਦਾ
ਸੁਣਨ ਨੂੰ ਚੰਗਾ ਲਗਦਾ ਹੈ, ਵੇਖਣ ਨੂੰ ਦਿੱਲ ਨਹੀਂ ਕਰਦਾ
ਇਕੋ ਜਿਹੇ ਹੋ ਜਾਣਗੇ
ਫੁੱਲ
ਬੂ
ਪਸ਼ੂ
ਪੰਛੀ
ਇਕੋ ਜਿਹੇ ਇਨਸਾਨ, ਮਸ਼ੀਨ
ਦੇਵ ਦਾਨਵ, ਦੇਹ ਅਦੇਹ
ਪਾਗ਼ਲ ਰਾਜਾ, ਪਾਗ਼ਲ ਪਰਜਾ
ਇਕ ਰੰਗ ਦੀ ਹੋ ਜਾਏਗੀ ਤਨ, ਮਨ, ਧਨ ਦੀ ਚਾਦਰ
ਇਕੋ ਜਿਹਾ ਸਮੁੰਦਰ, ਪਾਣੀ
ਮਨੁੱਖ ਹਾਲੇ ਇਕ ਭਰਮ ਵਿਚੋਂ ਨਹੀਂ ਨਿਕਲਿਆ ਹੈ
ਦੂਜੇ ਵਿਚ ਕਿਵੇਂ ਉਤਰੇਗਾ
ਕੀ ਸੱਚਮੁੱਚ ਇਕ ਹੋ ਜਾਏਗਾ ਦੁਨੀਆ ਭਰ ਦਾ ਲੋਹਾ
ਸਾਡੀਆਂ ਛਾਤੀਆਂ ਲਈ
ਇਸ ਭੀੜ, ਪੱਥਰ, ਰਉਲੇ ਵਿਚ
ਮੈਂ ਕਿਸ ਭਾਸ਼ਾ ’ਚ ਕਹਾਂਗਾ
ਕਿ ਤੈਨੂੰ ਪਿਆਰ ਕਰਦਾ ਹਾਂ
ਪਿਆਰ-
ਹੁਣ ਸੋਚਣ ਨੂੰ ਚੰਗਾ ਲਗਦਾ ਹੈ, ਬੋਲਣ ਨੂੰ ਦਿੱਲ ਨਹੀਂ ਕਰਦਾ.
—
2.
ਮੇਰੇ ਪਿੰਡ ਦਾ ਰਾਜਾ ਪਾਗਲ ਹੈ
ਜਦੋਂ ਇਹ ਗੱਲ ਮੈਂ ਆਪਣੇ ਦੋਸਤ ਨੂੰ ਦੱਸਦਾ ਹਾਂ
ਤਾਂ ਉਹ ਮੇਰੇ ਤੋਂ ਵੀ ਉੱਚੀ ਹੱਸਦਾ ਹੈ
ਮੇਰੇ ਤੋਂ ਵੀ ਹੌਲੀ ਰੋਂਦਾ ਹੈ
ਮੇਰੇ ਤੋਂ ਵੀ ਜਿਆਦਾ ਡਰਦਾ ਹੈ
ਅਕਸਰ ਮੈਨੂੰ ਲਗਦਾ ਹੈ
ਕਿ ਮੇਰੇ ਦੋਸਤ ਦਾ ਪਿੰਡ ਚਾਹੇ ਕੋਈ ਹੋਰ ਹੈ
ਪਰ ਰਾਜਾ ਉਸ ਦਾ ਵੀ ਪਾਗਲ ਹੈ.
ਵਿਚਾਰ ਨੂੰ ਵਿਚਾਰ ਮਾਰਦਾ ਹੈ
ਦੇਹ ਨੂੰ ਦੇਹ
ਯਾਦ ਰੱਖਣਾ ਰਾਜਾ ਇਕ ਦਰਬਾਰੀ ਵਿਚਾਰ ਹੈ
ਦੇਹ ਨਹੀਂ
—
3.
ਰਾਜੇ ਨੂੰ ਲਗਦਾ ਸੀ
ਕਿ ਉਹ ਇਕ ਦੀਵਾਰ ਬਣਾਏਗਾ
ਤੇ ਲੋਗ ਇਸ ਦੀਵਾਰ ਉਪਰ
ਖੂਨ ਦੇ ਤਿਲਕ ਲਗਾਉਣਗੇ
ਕੱਚ ਉੱਗ ਆਏਗਾ ਦੀਵਾਰ ਉਪਰ
ਲੋਹਾ ਹੱਥਾ ’ਤੇ
ਉਲਟ ਹੋਇਆ
ਲੋਗਾਂ ਨੇ ਬਣਾ ਲਏ ਨਿੱਕੇ-ਨਿੱਕੇ ਆਲੇ, ਆਸ ਰੱਖੀ
ਸਜਾਉਣ ਲੱਗੇ ਦੀਵਾਰ ਉਪਰ ਦੀਵੇ
ਬੱਚੇ ਖੇਲਣ ਲੱਗੇ ਦੀਵਾਰ ਤੋਂ ਆਰਪਾਰ
ਸੂਰਜ ਦੀ ਗੇਂਦ ਕਦੇ ਇਧਰ ਕਦੇ ਉਧਰ
ਇਕ ਮਾਈ ਬੁਢੜੀ ਨੇ ਬੰਬ ਦੇ ਖੋਲ ਵਿਚ
ਨੀਲਾ ਫੁੱਲ ਉਗਾ ਦਿਤਾ
ਰਾਜੇ ਨੂੰ ਲਗਦਾ ਸੀ ਕਿ ਉਹ ਫੁੱਲ ਨੂੰ ਪੱਥਰ ਕਰ ਦਏਗਾ
ਪਰ ਦੀਵਾਰ ਦੀ ਸਖ਼ਤ ਨੁੱਕਰ ਉਪਰ
ਇਕ ਸਿਰਫਿਰੇ ਨੇ ਕੱਢ ਕੇ ਰੱਖ ਦਿਤੀ ਨਾਜ਼ੁਕ ਧੜਕਨ
ਦੀਵਾਰ ਸਾਂਝੇ ਅੱਡੇ ਵਿਚ ਬਦਲ ਗਈ
ਵੀਰਾਨੀ, ਮੇਲੇ ਵਿਚ
ਲੋਗ ਦੀਵਾਰ ਤੋਂ ਨਹੀਂ ਡਰੇ
ਰਾਜਾ ਦਿੱਲ ਤੋਂ ਡਰ ਗਿਆ
—
4.
ਮੈਂ ਆਪਣੇ ਕੁਲ ਦੇਵਤਾ ਨੂੰ
ਕਦੇ ਨਹੀਂ ਮਿਲਿਆ
ਨਾ ਧਾਰਮਿਕ ਰਿਹਾ ਹਾਂ ਕਦੇ
ਨਾ ਹੀ ਮੈਂਨੂੰ ਪੱਥਰ ਵਿਚੋਂ ਰੱਬ ਮਿਲਿਆ ਹੈ
ਪਰ ਪੱਥਰ ਜੋ ਉਸਦੇ
ਹੱਥ ਵਿਚੋਂ ਨਿਕਲ ਕੇ
ਪਹਾੜ ਬਣਦਾ ਹੈ ਤਾਂ ਕਿ ਦਿਲ ਬਚਿਆ ਰਹੇ
ਉਹ ਮੇਰੇ ਲਈ ਕਿਸੇ ਚਮਤਕਾਰ ਤੋਂ ਘੱਟ ਨਹੀਂ
ਪਤਾ ਨਹੀਂ ਕਿਉਂ
ਜਿਹੜੇ ਚਮਤਕਾਰ ਮੈਂਨੂੰ ਹੈਰਾਨ ਕਰਦੇ ਹਨ
ਮੇਰੇ ਕੁੱਲ ਮੰਤਰਾਂ ਵਿਚ ਪਾਪ ਹਨ
ਇਹਨਾਂ ਚਮਤਕਾਰਾਂ ਦੀ ਪਿੱਠ-ਭੂਮੀ ਹੋਰ ਹੈ.
ਮੁਆਫ਼ ਕਰਨਾ
ਮੈਂ ਇਹ ਪਾਪ ਕਰਨਾ ਹੈ,
ਮੈਂ ਇਸ ਈਸ਼ਵਰ ਨੂੰ ਫੁੱਲ ਦੀ ਜਗਾਹ ਪੱਥਰ ਮਾਰਨਾ
ਤਾਂ ਕਿ ਦਿੱਲ ਬਚਿਆ ਰਹੇ.
—
5.
ਕਿਉਂ ਨਹੀਂ ਮਿਲਦਾ ਹੈ
ਇਸ ਰਾਜੇ ਦਾ ਚਹਿਰਾ
ਉਸ ਰਾਜੇ ਦੇ ਨਾਲ
ਜੋ ਮੇਰੀ ਦਾਦੀ ਦੀਆਂ ਕਥਾ-ਕਹਾਣੀਆਂ ਵਿਚ ਆਉਂਦਾ ਸੀ
ਮੈਂ, ਰਾਜਾ ਅਤੇ ਬਚਪਨ
ਨਾਲ ਨਾਲ ਵੱਡੇ ਹੋਏ ਹਾਂ
ਲੱਕੜੀ ਦੀਆਂ ਡੰਡੀਆਂ ਨੂੰ ਤਲਵਾਰਾਂ ਬਣਾ ਕੇ
ਨਿੱਕੇ ਨਿੱਕੇ ਯੁੱਧ ਲੜਦੇ
ਨਿੱਕੇ ਨਿੱਕੇ ਕਿਲੇ ਸਰ ਕਰਦੇ.
ਸੁਣੀਆਂ ਤੇ ਹੋਣਗੀਆਂ ਇਸਨੇ ਵੀ ਉਹੀ ਕਥਾ ਕਹਾਣੀਆਂ
ਫਿਰ ਇਕਦਮ ਕਿਵੇਂ ਬਦਲ ਗਿਆ ਇਹ ਰਾਜਾ
ਕੀ ਐਨਾ ਪਾਗ਼ਲ ਕਰ ਦਿੰਦਾ ਹੈ ਰਾਜ-ਭਾਗ ਬੰਦੇ ਨੂੰ
ਕਦੇ ਇਸਦੀ ਰੱਥ-ਯਾਤਰਾ ਵਿਚ
ਨੂੜ ਕੇ ਬਿਠਾਈ ਜਾਂਦੀ ਹੈ ਜੈ ਜੈ ਕਾਰ
ਕਦੇ ਇਸਦਾ ਘੋੜਾ
ਗਰੀਬ ਕਿਸਾਨ ਦੇ ਖੇਤ ਵਿਚ ਉਤਰ ਜਾਂਦਾ ਹੈ
ਕਦੇ ਦਰਬਾਰੀ ਸੁਸਰੀ ਲੱਗ ਜਾਂਦੀ ਹੈ
ਬੀਜ਼ ਨੂੰ
ਸੁਫ਼ਨੇ ਨੂੰ ਵਾਰ ਵਾਰ ਲੋਹਾ ਚੱਟਣਾ ਪੈਂਦਾ ਹੈ ਲੋਹਾ
ਬਾਰੂਦ ਭਰ ਦਿਤਾ ਜਾਂਦਾ ਹੈ ਸੁਰਮੇਦਾਨੀਆਂ ਵਿਚ
ਇਹ ਕਿਸ ਤਰਾਂ ਦਾ ਯੁੱਗ ਹੈ
ਇਹ ਕਿਸ ਤਰਾਂ ਦੀ ਅੱਗ ਹੈ
ਕਿ ਲਾਹ ਲਿਆ ਜਾਂਦਾ ਹੈ ਰੰਗ ਹਰ ਨਵੀਂ ਫਸਲ ਤੋਂ.
ਐਨਾ ਵੱਡਾ ਹੋ ਗਿਆ ਹੈ ਰਾਜਾ
ਕਿ ਆਪਣੇ ਸੋਹਲੇ ਆਪ ਗਾਉਂਦਾ
ਦਾਦੀਆਂ-ਨਾਨੀਆਂ ਦੀਆਂ ਕਥਾਵਾਂ ਉਪਰ ਸੈਂਸਰ ਬਿਠਾ ਦਏਗਾ
ਤੇ ਆਪਣੇ ਆਪ ਨੂੰ ਨਾਇਕ ਦੱਸੇਗਾ?
ਨਹੀੰ, ਬਿਲਕੁਲ ਨਹੀਂ
ਕੋਈ ਇਸ ਪਾਗ਼ਲ ਰਾਜੇ ਨੂੰ ਦੱਸੇ
ਕਿ ਨਾਇਕ ਇਸ ਤਰਾਂ ਨਹੀਂ ਬਣਦੇ
ਅੱਗ ਨਾਲ ਕਿਤਾਬ ਜਲਾਈ ਜਾ ਸਕਦੀ ਹੈ
ਕਥਾ ਨਹੀਂ.
—
6.
ਜਹਿਰੀਲੀ ਗੈਸ ਛਿੜਕ ਦਿਤੀ ਹੈ
ਮੇਰੀ ਸਾਹ ਨਲੀ ਅੰਦਰ
ਚੁਪਚਾਪ
ਬਿਨਾਂ ਕਿਸੀ ਆਹਟ ਦੇ
ਮੇਰੀ ਰੀੜ ਵਿਚ ਅੱਗ ਲਗਾ ਦਿਤੀ ਗਈ ਹੈ
ਢਾਹ ਦਿਤਾ ਹੈ ਦਿੱਲ ਮੇਰਾ.
ਮੈਂ ਜਾਣਦਾ ਹਾਂ
ਥੋੜਾ ਥੋੜਾ
ਬਚਿਆ ਰਹਿਣ ਦਿਤਾ ਜਾਏਗਾ ਮੇਰਾ ਕੋਈ ਹਿੱਸਾ
ਇਸ ਕਾਲੀ ਕਹਾਣੀ ਨੂੰ
ਝੂਠ ਲਿਖਣ ਲਈ
ਆਤਮਾ ਦਾ ਰੂਪ ਬਦਲ ਦਿਤਾ ਜਾਏਗਾ
ਦੇਹ ਦਾ ਆਕਾਰ ਵੀ
ਕੱਲ ਨੂੰ ਮੇਰੀ ਕੁੱਲ ਦਾ ਕਵੀ ਕੋਈ
ਇਹੀ ਕਾਲ਼ਖ ਸਮੇਟ ਲਏਗਾ
ਪਿਤਰ ਪ੍ਰੇਮ ਵਿਚ
ਆਉਣ ਵਾਲੀਆਂ ਪੀੜੀ ਨੂੰ ਗੁਮਰਾਹ ਕਰ ਦਿਤਾ ਜਾਏਗਾ
ਕੌਣ ਲਿਖੇਗਾ ਸਾਡੇ ਇਤਿਹਾਸ ਵਿਚ
ਕਿ ਇਹ ਦੁਰਘਟਨਾ ਨਹੀਂ,
ਕਤਲ ਸੀ.
7.
ਰਾਜੇ ਨੂੰ ਨਹੀਂ
ਪਰਜਾ ਨੂੰ ਵੀ ਪੁਛੋ
ਕਿ ਕੌਣ ਸੀ ਨਿੱਕਾ ਰਾਜਾ
ਜਿਸਨੇਂ ਚੁਣਿਆ ਵੱਡਾ ਰਾਜਾ
ਕਬੀਲਾ ਮੇਰੇ ਮੂੰਹ ਉਪਰ ਪੁੰਨ ਦਾ ਲੇਬਲ ਲਗਾ ਕੇ
ਪਾਪ ਦਾ ਡਰ ਦੇ ਜਾਂਦਾ ਹੈ.
ਸੁਣਿਆ ਸੀ
ਕਿ ਪਾਪ ਪੁੰਨ ਦੀ ਲੜਾਈ ਵਿਚ
ਪੁੰਨ ਜਿਤਾਦਾ ਹੈ
ਪਰਜਾ ਜਿਤਦੀ ਹੈ
ਮੇਰੀ ਕਥਾ ਵਿਚ ਰਾਜਾ ਜਿਤ ਰਿਹਾ ਹੈ
ਨਿੱਕਾ ਰਾਜਾ ਜਸ਼ਨ ਮਨਾ ਰਿਹਾ ਹੈ
ਤੇ ਪਰਜਾ ਪਾਗ਼ਲ ਹੋ ਰਹੀ ਹੈ.
1 Comment
ਸ਼ਿਵ ਮੇਰਾ contemporary ਪੋਏਟ ਹੈ,ਪਰ ਲੱਗਦਾ ਇਸਨੂੰ ਮੈਂ ਉਦੋਂ ਤੋਂ ਜਾਣਦਾ, ਜਦੋ ਤੋਂ ਪਹਿਲੀ ਕਵਿਤਾ ਹੋਂਦ ਚ ਆਈ ਹੋਏਗੀ,ਮੇਰੇ ਪਿੰਡ ਦਾ ਰਾਜਾ
ਪਾਗਲ ਹੈ ਸੀਰੀਜ਼ ਦੀਆਂ ਕਵਿਤਾਵਾਂ ਨੇ ਮੈਨੂੰ ਰਾਜਾ ਬਣਨ ਤੇ ਬਨਾਉਣ ਤੋਂ ਬਚਾਇਆ,ਇਹ ਆਪਣੀ ਤੇ ਲੋਕਾਈ ਦੇ ਦਰਦ ਨੂੰ ਸ਼ਕਲ ਦੇਂਦੀਆਂ ਵੀ ਭਾਸ਼ਾ
ਦੇ ਮੀਟਰ ਨੂੰ ਨਹੀਂ ਉ ਲੰਘਦੀਆਂ,ਸ਼ਿਵ ਅੰਦਰ ਤੇਜ਼ ਹੈ,ਉਹ ਆਪਣੇ ਤੀਜੇ ਨੇਤਰ
ਅੰਦਰ ਤੀਰ ਮਾਰਨਾ ਜਾਣਦਾ, ਆਪਣਾ ਦੋਫਾੜ ਕਰਨਾ ਜਾਣਦਾ, ਬਹੁਤ ਕਵੀ
ਸਿਰਫ ਔਰਤਾਂ ਤੇ ਬਾਥਰੂਮ ਚ ਹੀ ਨੰਗੇ ਹੁੰਦੇ,ਉਸ ਨੂੰ ਆਪਣੇ ਤੇ ਕਵਿਤਾ ਸਾਹਮਣੇ ਨੰਗੇ ਹੋਣਾ ਆਉਦਾ,ਉਹਦੀ ਵਾਰਤਕ ਜਟਾਵਾਂ ਚੋ ਨਿਕਲਦੀ ਗੰਗਾ ਹੈਡਵਕ਼