ਦਿ ਗਰੈਂਡ ਈਵੈਂਟ’: ਜਿਹੜੀ ਦੌੜ ਇਸ ਮਹਾਂਮਾਰੀ ਨੂੰ ਇਕ ‘ਗ੍ਰੈਂਡ-ਈਵੈਂਟ’ ਵਿਚ ਬਦਲਣ ਦੀ ਮੈਂ ਆਪਣੇ ਮੁਲਕ ਵਿਚ ਦੇਖੀ ਹੈ ਹਾਲੇ ਤੱਕ ਕਿਤੇ ਹੋਰ ਨਹੀਂ ਦੇਖੀ। ਸਾਡੇ ਬਹੁਤੇ ਫੈਸਲੇ ਇਸ ਤਰਾਂ ਲਗਦੇ ਹਨ ਜਿਵੇਂ ਅਸੀਂ ਇਸ ‘ਕਰੋਨਾ-ਈਵੈਂਟ’ ਨੂੰ ਸੈਲੀਬ੍ਰੇਟ ਕਰਨ ਲਈ ਮਿਥੇ ਹਨ। ਇਹ ਸਾਡੇ ਅੰਦਰਲਾ ਮਦਾਰੀਪੁਣਾ ਅਤੇ ਪਾਖ਼ੰਡ ਹੈ। ਮੈਨੂੰ ਲਗਦਾ ਸੀ ਕਿ ਇਸ ਸਖ਼ਤ ਸਮੇਂ ਦਰਮਿਆਨ ਅਸੀਂ ਅੰਤਰਿ ਸੰਵਾਦ ਰਾਂਹੀ ਅੰਦਰਲੇ ਮਹਾਂਮਾਨਵ ਤੱਕ ਪਹੁੰਚਾਗੇ ਪਰ ਉਲਟ ਹੋ ਰਿਹਾ ਹੈ; ਬ੍ਰਹਮਰਾਖ਼ਸ਼ ਵੱਡਾ ਹੋ ਰਿਹਾ ਹੈ। ਅਸੀਂ ਆਪਣੀ ਅੰਦਰਲੀ ਅੱਗ ਨੂੰ ਇਕ ਹੋਰ ਵਿਨਾਸ਼ਕਾਰੀ ਰਾਹ ਉਪਰ ਧਕੇਲ ਰਹੇ ਹਾਂ, ਜਿਸਦਾ ਖਮਿਆਜ਼ਾ ਆਣ ਵਾਲੀਆਂ ਨਸਲਾਂ ਉਹਨਾਂ ਅੰਦਰ ਬਣਦੀ ਜੁਗਤ ਰਾਂਹੀ ਭੁਗਤਿਆ ਜਾਏਗਾ। ਇਹ ਜੁਗਤ ਅਸੀਂ ਉਹਨਾਂ ਨੂੰ ਦੇ ਰਹੇ ਹਾਂ। ਮੈਂ ਅਕਸਰ ਕਿਹਾ ਹੈ ਕਿ ਹੁਲੜਬਾਜ਼ੀ ਅਤੇ ਡੰਡਾ ਮੈਨੂੰ ਦੋਵੇਂ ਪਸੰਦ ਨਹੀਂ ਹਨ। ਠੀਕ ਇਸੇ ਤਰਾਂ ਮੈਨੂੰ ਨਿਰਾ ਵਿਰੋਧ ਅਤੇ ਨਿਰੀ ਭਗਤੀ ਵੀ ਪਸੰਦ ਨਹੀਂ ਹਨ। ਸਾਡੇ ਮੁਲਕ ਸਮੇਂ ਦੀ ਇਸ ਅਤੀ ਸੰਗੀਨ ਘਟਨਾ ਬਾਰੇ ਸੰਘਣੇ ਸੁਆਲ ਅਤੇ ਲਿਖਤਾਂ ਨਾਂ-ਮਾਤਰ ਹਨ; ਜੇਕਰ ਹਨ ਵੀ ਤਾਂ ਬਹੁਤ ਦਬਾਏ ਹੋਏ, ਸਾਹਮਣੇ ਨਹੀਂ ਆਣ ਦਿਤੇ ਜਾ ਰਹੇ। ਜਿਸ ਤਰਾਂ ਇਸ ਮਹਾਂਮਾਰੀ ਦਾ ਸਾਹਮਣਾ ਸਿਰਫ਼ ਹੇਠਲੇ ਪੱਧਰ ਦੀ ਬਿਆਨਬਾਜ਼ੀ ਨਾਲ ਹੋਇਆ ਹੈ, ਠੀਕ ਉਸੇ ਤਰਾਂ ਬਿਆਨਬਾਜ਼ੀ ਦਾ ਵਿਰੋਧ ਵੀ ਬੜੇ ਸਤਹੀ ਪੱਧਰ ਦੇ ਵਿਅੰਗ ਅਤੇ ਚੁਟਕਲਿਆਂ ਨਾਲ ਹੋ ਰਿਹਾ ਹੈ। ਸਟਾਇਰ ਮਨੁੱਖੀ ਅਕਪ੍ਰੈਸ਼ਨ ਦੀ ਇਕ ਕਮਾਲ ਦੀ ਖ਼ੋਜ ਹੈ ਪਰ ਮਸਖ਼ਰੀ ਅਤੇ ਸਟਾਇਰ ਦਾ ਅੰਤਰ ਵੀ ਸਪੱਸ਼ਟ ਹੋਣਾ ਚਾਹਿਦਾ।  ਸਮੇਂ ਦੀ ਸੰਗੀਨਗੀ ਬਿਲਕੁਲ ਗਾਇਬ ਹੈ; ਸਾਡੀ ਮਾਨਸਿਕਤਾ ਸ਼ਾਇਦ ‘21 ਦਿਨ ਕਿਸੇ ਨਾ ਕਿਸੇ ਤਰਾਂ ਲੰਘਾਉਣਾ ਹਨ; ਸਮਾਂ ਲੰਘ ਜਾਏਗਾ ਜਾਂ ਲੰਘਾਉਣਾ ਹੈ’ ਉਪਰ ਟਿਕੀ ਹੋਈ ਹੈ।  ਪਰ ਯਕੀਨ ਕਰਨਾ ਇਹ ਮਹਾਂਮਾਰੀ ਤੋਂ ਬਾਅਦ ਹਾਲਾਤ ਅਤੇ ਬੰਦਾ ਇਕੋ ਜਿਹਾ ਨਹੀ ਰਹੇਗਾ। ਸਾਡੇ ਹੋਸ਼ੇਪਣ ਦੇ ਸਿਟੇ ਬਹੁਤ ਭਿਆਨਕ ਹਨ।  ਸੱਤਾ ਨੇ ਉਹੀ ਗੱਲਾਂ ਦੁਹਰਾਈਆਂ ਹਨ ਜਿਹਨਾਂ ਉਪਰ ਅਕਸਰ ਬਿਆਨਬਾਜ਼ੀ ਹੁੰਦੀ ਹੈ; ਇਸ ਵਾਰ ਟਾਈਟਲ ‘ਕਰੋਨਾ’ ਹੈ।  ਵਾਇਰਸ ਨੇ ਸਾਡੇ ਅੰਦਰ ਸੁੱਤੇ ਮਹਾਂਮਾਨਵ ਨੂੰ ਜਗਾਉਣ ਦੀ ਥਾਂ, ਉਸਨੂੰ ਹੋਰ ਗੂੜਾ ਐਨਸਥੀਸੀਆ ਦੇ ਦਿਤਾ ਹੈ। ਅੰਦਰ ਅਤੇ ਬਾਹਰ ਇਹ ਇਕ ਘਾਤਕ ਸਮਾਂ ਹੈ। ਵਾਇਰਸ ਦਾ ਮਰਹਮ ਮਿਲ ਜਾਵੇਗਾ ਪਰ ਸਿਰ ਅੰਦਰਲੇ ਜ਼ਖਮ ਦਾ ਇਲਾਜ ਅੰਦਰੋਂ ਹੀ ਲੱਭਣਾ ਪੈਣਾ ਹੈ। ਜੇਕਰ ਨਹੀਂ ਸਮਝ ਆ ਰਿਹਾ ਤਾਂ ਜੋ ਸਾਡੇ ਡਾਕਟਰ, ਨਰਸਾਂ, ਸਿਹਤ ਕਰਮਚਾਰੀ, ਆਸ਼ਾ ਵਰਕਰ, ਸੁਰੱਖਿਆ ਕਰਮੀ, ਕੁੱਝ ਸੰਸਥਾਂਵਾ ਬਾਹਰ ਅਤੇ ਹਾਟ-ਸਪਾਟ ਏਰੀਆਜ਼ ਵਿਚ ਹਨ ਉਹਨਾਂ ਤੋਂ ਪੁਛਿਆ ਜਾ ਸਕਦਾ ਹੈ ਕਿ ਸਥਿਤੀ ਕਿੰਨੀ ਭਿਆਨਕ ਹੈ। ਮੈਂ ਉਹਨਾਂ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਹਾਂ ਜੋ ਸਾਡੀਆਂ ਬੇਵਕੂਫ਼ੀਆਂ/ਬਿਆਨਬਾਜ਼ੀਆਂ ਨੂੰ ਪਾਸੇ ਰੱਖ ਅਤੇ ਸਰਕਾਰ ਵਲੋਂ ਦਿਤੀਆਂ ਨਾਂ-ਮਾਤਰ ਸੁਵਿਧਾਵਾਂ ਅਤੇ ਉਪਕਰਣਾ ਨਾਲ ਆਪਣਾ ਕਾਰਜ ਕਰ ਰਹੇ ਹਨ।    

Hands.jpg

ਰਾਜਾ ਅਤੇ ਨਕਲੀ ਦਾਰਸ਼ਿਨਕਤਾ: ਸਮਾਂ ਬਦਲ ਗਿਆ ਹੈ। ਅਸੀਂ ਕਿਸੇ ਪਹਾੜੀ ਆਸ਼ਰਮ ਵਿਚ ਪੜਦੇ ਚੰਗੇ ਵਿਦਿਆਰਥੀ ਨਹੀਂ ਹਾਂ, ਜੋ ਇਕ ਤੀਰ ਚਲਾ ਕੇ ਹੱਡਾਂ ਵਿਚ ਜੰਮਿਆ ਹਿਮ ਪਿਘਲਾ ਲਵਾਂਗੇ। ਸਮੇਂ ਨੇ ਰਾਜੇ ਅਤੇ ਦਾਰਸ਼ਨਿਕ ਵਿਚਵੀ ਫਰਕ ਕੀਤਾ ਹੈ; ਇਹ ਰਹੇਗਾ: ਦੋਵਾਂ ਦੇ ਆਪਣੇ ਆਪਣੇ ਫਰਜ਼ ਅਤੇ ਸੀਮਾਂਵਾ ਹਨ। ਰਾਜੇ ਨੂੰ ਕਹੋ ਕਿ ਹੇਕ ਲਾ ਕੇ ਦਾਰਸ਼ਨਿਕ ਬਣਨ ਦਾ ਨਾਟਕ ਖ਼ਤਮ ਕਰੇ। ਦਾਰਸ਼ਨਿਕਤਾ ਅਤੇ ਅਧਿਆਤਮ ਵਾਸਤੇ ਸਾਡੇ ਕੋਲ ਸਾਡੇ ਵੇਦ-ਪੁਰਾਣ, ਧਾਰਮਿਕ ਗ੍ਰੰਥ, ਲਿਟੇਰਚ ਆਦਿ ਸਭ ਮੌਜੂਦ ਹੈ।  ਇਹ ਵਾਇਰਸ ਸਾਡੇ ਸਮੇਂ ਦਾ ਇਕ ਬਹੁਤ ਵੱਡਾ ਹਾਹਾਕਾਰ ਹੈ, ਉਸਦੇ ਖਾਤਮੇ ਲਈ ਯਤਨ ਕਰੋ। ਰਾਜੇ ਅਤੇ ਉਸਦੇ ਦਰਬਾਰੀਆਂ ਨੇ ਇਸ ਸਮੇਂ ਨੂੰ ਵੀ ਆਪਣੇ ਹੱਕ ਵਿਚ ਭੁਗਤਾਣ ਦੀ ਨਾਜਾਇਜ ਕੋਸ਼ਿਸ਼ ਕੀਤੀ ਹੈ ਤੇ ਅਸੀਂ ਇਸ ਕੋਸ਼ਿਸ਼ ਨੂੰ ਚਾਰ ਚੰਨ ਲਾਏ ਹਨ।  ਅਸੀਂ ਉਹਨਾਂ ਦੀ ਆਪਹੁਦਰਆਂ ਵਿਚ ਈਕੁਇਲੀ-ਰਿਸਪੋਂਸਿਵ ਹਾਂ; ਤਾੜੀ ਵਿਚ ਇਕ ਹੱਥ ਸਾਡਾ ਹੈ। ਇਸ ਤੋਂ ਪਹਿਲਾਂ ਇਸਦਾ ਅਸਰ ਥੋੜਾ ਜਿਹਾ ਉਦੋਂ ਦੇਖਣ ਨੂੰ ਮਿਲਿਆ ਸੀ ਜਦੋਂ ਚੀਨੀ ਲੋਕਾਂ ਨੂੰ ਵਾਇਰਸ ਦੇ ਨਾਮ ਨਾਲ ਪੁਕਾਰਿਆ ਜਾਣ ਲੱਗਾ।  ਫਿਰ ਉਦੋਂ ਜਦੋਂ ਨਾਰਥ ਈਸਟ ਦੇ ਲੋਕਾਂ ਨੂੰ ਅਸੀਂ ਕਰੋਨਾ ਕਹਿ ਕੇ ਸੰਬੋਧਨ ਕੀਤਾ ਸਿਰਫ਼ ਇਸ ਲਈ ਕਿ ਉਹਨਾਂ ਦੀ ਸੂਰਤ, ਬਣਤਰ ਚੀਨੀ ਨਾਲ ਮਿਲਦੀ ਸੀ। ਸਾਡੇ ਲਈ ਇਹ ਨਵਾਂ ਮਸਾਲਾ ਸੀ ਅਤੇ ਅਸੀਂ ਕੁੱਝ ਦੇਰ ਇਸ ਵਿਚ ਉਲਝੇ ਰਹੇ; ਬੋਰ ਹੋ ਗਏ ਫਿਰ ਨਵੇਂ ਕਸੀਦੇ ਕੱਢ ਲਏ।  ਫਿਰ ਅਸੀਂ ਆਪਣੇ ਅੰਦਰਲੀ ਨਫ਼ਰਤ ਨੂੰ ਇਕ ਨਵੇਂ ਮਸਾਲੇ ਵਿਚ ਲਪੇਟ ਕੇ ਪਰੋਸਣਾ ਸ਼ੁਰੂ ਕਰ ਦਿਤਾ। ਸੱਤਾ, ਸੱਤਾ ਵਿਚ ਰਹਿਣ ਲਈ ਇਹੀ ਕੁੱਝ ਕਰਵਾਉਂਦੀ ਹੈ ਅਤੇ ਵਿਰੋਧੀ ਧਿਰ ਸੱਤਾ ਵਿਚ ਆਉਣ ਲਈ ਆਪਣਾ ਮਸਾਲਾ ਤਿਆਰ ਕਰਦੀ ਹੈ ਇਹ ਇਸੇ ਤਰਾਂ ਚਲਦਾ ਹੈ। ਅਸੀਂ ਬਸ ਪਿਆਦਿਆਂ ਦੀ ਕਤਾਰ ਹਾਂ। ਇਸ ਬਾਰੇ ਲੰਮੇ ਚੌੜੇ ਉਦਾਹਰਣ ਲਿਖੇ ਜਾ ਸਕਦੇ ਹਨ।  ਆਪਣੇ ਕੰਮਕਾਰ ਤਸੱਲੀ ਨਾਲ ਨਬੇੜ ਕੇ ਇਕ ਦਿਨ ਰਾਜਾ ਲਾਕਡਾਊਨ ਕਰਦਾ ਹੈ।  ‘ਲਾਕਡਾਊਨ’ ਠੀਕ ਉਪਰਾਲਾ ਹੈ; ਅਸੀਂ ਇਸਦੇ ਨਾਲ ਕੁੱਝ ਹੋਰ ਸਪੋਟਿਵ ਅਨਾਊਂਸਮੈਂਟਸ ਦੀ ਉਡੀਕ ਕਰ ਰਹੇ ਸਾਂ, ਜੋ ਨਹੀਂ ਆਉਂਦੀਆਂ। ਫਿਰ ਇਸਦੇ ਭਿਆਨਕ ਨਤੀਜੇ ਸਾਹਮਣੇ ਆਉਣ ਲਗਦੇ ਹਨ।  ਅਸੀਂ ਭਾਵਨਾ ਨਾਲ ਜੁੜੇ ਲੋਕ ਹਾਂ, ਸਾਡੇ ਬਹੁਤੇ ਲੋਕ ਹੋਰ ਮੁਲਕਾਂ ਵਾਂਗ ਇੰਡੀਵਿਯੂਅਲ ਸੋਚ ਦੇ ਧਾਰਨੀ ਨਹੀਂ। ਅਸੀਂ ਝੁੰਡ ਵਿਚ ਰਹਿੰਦੇ ਹਾਂ, ਇਕੱਲੇ ਹੋਣ ਤੋਂ ਡਰਦੇ ਹਾਂ।  ‘ਮਨ ਕੀ ਬਾਤ’ ਸਾਡੇ ਮੁਲਕ ਵਿਚ ਇਕੋ ਬੰਦਾ ਕਰਦਾ ਹੈ।  ਸਾਡੀ ਭਾਵਨਾਤਮਿਕ ਸੋਚ ਦਾ ਸੱਤਾ ਨੇ ਬੜਾ ਬਰੀਕੀ ਅਤੇ ਸਮਝਦਾਰੀ ਨਾਲ ਫਾਇਦਾ ਚੁਕਿਆ ਹੈ; ਅਸੀਂ ਚਹੁੰਦੇ ਨਾ ਚਹੁੰਦੇ ਹੋਏ ਹਮੇਸ਼ਾ ਆਪਣੇ ਆਪ ਦੇ ਖ਼ਿਲਾਫ਼ ਭੁਗਤ ਜਾਂਦੇ ਹਾਂ। ਇਹਨਾਂ ਦਿਨਾਂ ਵਿਚ ਵੀ; ਕਦੇ ਤਾੜੀ, ਕਦੇ ਥਾਲੀ ਹੁਣ ਮੋਮਬੱਤੀਆਂ।  ਗਾਲ ਕੱਢਣ ਨੂੰ ਜੀਅ ਕਰਦਾ ਹੈ, ਕੱਢ ਨਹੀਂ ਸਕਦਾ; ਲਿਖ ਵੀ ਨਹੀਂ ਸਕਦਾ ਅਖ਼ਬਾਰ ਵਾਲੇ ਕੱਟ ਦਿੰਦੇ ਹਨ। ਗਾਲ ਕੱਢ ਨਹੀਂ ਸਕਦਾ, ਇਸ ਲਈ ਨਹੀਂ ਕਿ ਸੱਭਿਅਕ ਹਾਂ ਬਲਕਿ ਇਸ ਲਈ ਕਿ ਡਰਦਾ ਹਾਂ। ਜਦੋਂ ਮੇਰੀ ਪਹੁੰਣ ਬਾਹਰ ਰਾਸ਼ਣ ਤੱਕ ਵੀ ਨਹੀਂ, ਸੱਤਾ ਦੀ ਪਹੁੰਚ ਮੇਰੇ ਗਿਰੇਬਾਨ ਤੱਕ ਜਿਉਂ ਦੀ ਤਿਉਂ ਬਰਕਰਾਰ ਹੈ; ਸੋ ਜਿਥੇ ਗਾਲ ਕੱਢਣ ਦਾ ਮਨ ਹੋਇਆ ਉਥੇ ‘…ਬੀਪ…’ ਲਿਖਾਂਗਾ। ਮੈਂ ਕਿਹਾ ਹੈ ਕਿ ਰਾਜੇ ਅਤੇ ਦਾਰਸ਼ਨਿਕ ਵਿਚ ਫਰਕ ਹੁੰਦਾ ਹੈ ਸ਼ਾਇਦ ਮੇਰੀ ਇਸ ਗੱਲ ਨਾਲ ਰਾਜਾ ਅਤੇ ਉਸਦੇ ਸਿਪਾਹੀ ਸਹਿਮਤ ਨਹੀਂ ਹੋਣਗੇ। ਮੈਂ ਉਸਦੇ ਜਿੰਨੇ ਵੀ ਭਾਸ਼ਣ ਸੁਣੇ ਹਨ, ਉਕਤਾ ਜਾਂਦਾ ਹਾਂ, ਗੁੱਸਾ ਆਉਂਦਾ ਹੈ ਇਹ ਭਾਸ਼ਣ ਕਿਏ ਰਾਜਾ ਦਾ ਸਿੱਧਾ ਪ੍ਰਸਾਰਣ ਨਹੀਂ ਹੈ। ਮੈਂ ਲਗਾਤਾਰ ਉਮੀਦ ਕਰਦਾ ਹਾਂ, ਧੀਰਜ ਬਣਾਈ ਰੱਖਦਾ ਹਾਂ ਕਿ ਹੁਣ ਕੋਈ ਗੱਲ ਕਹੇਗਾ ਜਿਸ ਨਾਲ ਲੋਕਾਂ ਲਈ ਗਰਾਊਂਡ ਲੈਵਲ ਦੀ ਕੋਈ ਗੱਲ ਹੋਵੇਗੀ ਪਰ ਉਹ ਆਪਣੇ ਮੰਗਲ ਯਾਨ ਵਿਚ ਬੈਠਾ ਕਿਸੇ ਹੋਰ ਭਾਸ਼ਾ ਵਿਚ ਗੱਲ ਕਰਦਾ ਹੈ। ਸੱਤਾ ਗੰਡ-ਗਡੋਏ ਵਾਂਗ ਆਪਣੀ ਹੀ ਮਿਟੀ ਵਿਚ ਘੁਸੀ ਜਾ ਰਹੀ ਹੈ। ਕਈ ਵਾਰ ਤਾਂ ਇਹ ਵੀ ਲਗਦਾ ਹੈ ਸਰਕਾਰ ਨੂੰ ਆਪਣੇ ਮੰਤਰੀ ਪਦ ਵਿਚ ਇਕ ‘ਦਾਰਸ਼ਨਿਕ ਗੁਰੂ’ ਦੀ ਉਪਾਧੀ ਰੱਖ ਲੈਣੀ ਚਾਹਿਦਾ ਹੈ ਤਾਂ ਜੋ ਸਾਡੇ ਲੀਡਰ ਆਪਣੇ ਅਧਿਆਤਮ ਦਾ ਝੱਸ ਪੂਰਾ ਕਰ ਲਿਆ ਕਰਨ।  ਜਿਹੜਾ ਕੰਮ ਗਰਾਊਂਡ ਲੈਵਲ ਉਪਰ ਹੋ ਰਿਹਾ ਉਹ ਕੁੱਝ ਪ੍ਰਤੀਸ਼ਤ ਲੋਗ ਆਪ ਹੀ ਕਰ ਰਹੇ ਹਨ; ਪਰ ਸਾਡੇ ਕੋਲ ਸੱਤਾ ਵਲੋਂ ਦਿਤੀ ਸੁਪਨਸਾਜ਼ੀ ਦੀ ਲਿਸਟ ਵੱਡੀ ਹੈ ਜੋ ਉਹਨਾਂ ਮੁਤਬਿਕ ਡਿਲਿਵਰ ਹੋ ਚੁੱਕੀ ਹੈ। ਕਦੇ ਕਦੇ ਸੋਚਦਾ ਹਾਂ ਕਿ ਜਿਹੜੇ ਸਰਕਾਰੀ ਪੈਕਟ ਪਹੁੰਚ ਰਹੇ ਹਨ ਉਹਨਾਂ ਉਪਰ ਰਾਜੇ ਅਤੇ ਉਸਦੇ ਦਰਬਾਰੀਆਂ ਦੀ ਫੋਟੋ ਕਿਹੜੀ ਪ੍ਰਟਿੰਗ ਪ੍ਰੈਸ ਵਿਚ ਛਪਦੀ ਹੈ; ਗਰੀਬ ਲਈ ਤੇ ਕੰਮ ਬੰਦ ਹੈ।  ਅਸੀਂ ਵਿਚਾਰੇ ਪਿਆਦੇ ਇਸ ਸੰਘਣੇ ਹਨੇਰੇ ਵਿਚ ਚੁਟਕਲਿਆਂ ਦੀਆਂ ਲੜੀਆਂ ਚਲਾ ਰਹੇ ਹਾਂ। ਅਸੀਂ ਨਾਰਥ ਈਸਟ ਦੇ ਲੋਕਾਂ ਨੂੰ ਕਰੋਨਾ ਕਹਿ ਲਿਆ, ਲਤੀਫੇ ਘੜ ਲਏ, ਰਾਜੇ ਨੇ ਹਾਸੋਹੀਣੇ ਭਾਸ਼ਣ ਦੇ ਦਿਤੇ, ਹੱਕ ਅਤੇ ਵਿਰੋਧ ਵਿਚ ਚੁਟਕਲੇ ਘੜ ਲਏ, ਵਾਇਰਸ ਦਾ ਰਿਸ਼ਤਾ ਮੁਸਲਮਾਨਾਂ ਨਾਲ ਜੋੜ ਦਿਤਾ, ਗਰੀਬ ਨੂੰ ਹੋਰ ਗਰੀਬ ਅਤੇ ਅਨਪੜ ਨੂੰ ਹੋਰ ਅਨਪੜ ਕਰਾਰ ਕੀਤਾ ਗਿਆ, ਇਕ ਬਾਹਰੋਂ ਆਏ ਬਜ਼ੁਰਗ ਨੂੰ ਕਰੋਨਾ ਦਾ ਦੇਵਤਾ ਘੋਸ਼ਿਤ ਕੀਤਾ, ਸਮਾਨ ਸਟਾਕ ਕਰ ਲਿਆ ਤੇ ਸ਼ਮਸ਼ਾਨ ਬੰਦ ਕਰ ਦਿਤਾ। ਮੌਤ ਦੀ ਰਾਜਨੀਤੀ ਸਾਡੇ ਲਈ ਕੋਈ ਨਵਾਂ ਕਾਂਡ ਨਹੀਂ ਹੈ।  ਡਾਕਟਰਾਂ ਨੂੰ ਕਿਰਾਏ ਦੇ ਘਰਾਂ ਵਿਚੋਂ ਨਿਕਲਣ ਲਈ ਕਹਿ ਦਿਤਾ ਅਤੇ ਆਸ ਦੀ ਮੋਮਬੱਤੀ ਚਲਾ ਲਈ; ਕਿਹਦੇ ਲਈ ? ਜਿਹੜੇ ਕੰਮ ਰਾਜੇ ਨੇ ਕੀਤੇ, ਕਰ ਦਿਤੇ; ਅਸੀਂ ਵੀ ਕੁੱਝ ਘੱਟ ਨਹੀਂ ਕੀਤਾ। ਰਾਜੇ ਨੂੰ ਸਰਵ ਕਲਾ ਸਪੂਰਣ ਹੋਣ ਦਾ ਸਿੰਡਰੋਮ ਹੋ ਗਿਆ ਹੈ, ਪਰ ਉਹ ਉਹੀ ਕੰਮ ਨਹੀਂ ਕਰਦਾ ਜਿਸਦੇ ਲਈ ਉਸਨੂੰ ਚੁਣਿਆ ਗਿਆ ਸੀ।

ਫੇਸਬੁਕ ਅਤੇ ਫਲੈਸ਼ਲਾਈਟ

ਭਾਸ਼ਣ ਤੋਂ ਤਕਰੀਬਨ 5-7 ਮਿੰਟ ਦੇ ਅੰਦਰ ਹੀ ਮਹਾਂਭਾਰਤ ਸ਼ੁਰੂ ਹੋ ਗਿਆ ਸੀ। ਰਿਕਾਰਡਡ ਵੀਡੀਓ ਆਇਆ ਤੇ ਚਲਾ ਗਿਆ। ਮੇਰਾ ਦੋਸਤ ਜੋ ਮੇਰੇ ਨਾਲ ਰਹਿੰਦਾ ਹੈ 2-4 ਮਿੰਟ ਵੀਡੀਓ ਦੇਖ ਕੇ ਕਹਿੰਦਾ ਕਿ ਬੰਦ ਕਰ ਯਾਰ, ਸੁਣ ਨੀ ਹੁੰਦਾ ਗੁੱਸਾ ਆਉਂਦਾ; (…ਬੀਪ…)। ਮੇਰੀ ਫੇਸਬੁਕ ਉਪਰ ਅਲੱਗ ਅਲੱਗ ਖਿਤਿਆਂ ਤੋਂ ਬਹੁਤੇ ਦੋਸਤ ਸਾਹਿਤ ਨਾਲ ਜੁੜੇ ਹੋਏ ਲੋਕ ਹਨ। ਪੰਜਾਬੀ ਪਿਛੋਕੜ ਵਾਲੇ ਦੋਸਤਾਂ ਨੇ ਪਾਤਰ ਦੀ ‘ ਉੱਠ ਜਗਾ ਦੇ ਮੋਮਬੱਤੀਆਂ’ ਅਤੇ ਤਾਰਾ ਸਿੰਘ ਦੀ ‘ ਕਾਹਨੂੰ ਬਾਲਦੈਂ ਬਨੇਰੇ ’ਤੇ ਮੋਮਬੱਤੀਆਂ’ ਵਿਚਾਲੇ ਜੰਗ ਛੇੜ ਲਈ। ਧੱਕੇ ਦੀ ਰੈਲੇਵੈਂਸੀ ਅਤੇ ਬਹਾਦਰੀ। ਤਕਰੀਬਨ 15 ਕੁ ਮਿੰਟ ਬਾਅਦ ਹੀ ਮੀਮਸ ਅਤੇ ਚੁਟਕਲੇ ਆਉਣੇ ਸ਼ੁਰੂ ਹੋ ਗਏ।  ਭਾਸ਼ਣ ਦੇ ਦਰਮਿਆਨ ਹੀ ਭਗਤ ਅਤੇ ਵਿਰੋਧੀ ਲੜਨ ਲੱਗ ਪਏ। ਕਈ ਲੋਕਾਂ ਭਾਸ਼ਣ ਭਾਵਨਾ ਤੋਂ ਹੁੰਦਾ ਸਾਇੰਸ ਵਗੈਰਾ ਤੋਂ ਵੱਧਦਾ ਵੱਧਦਾ ‘ਹੀਟ ਟਰੈਪ ਫਾੱਰ’ ਕੋਰੋਨਾ ਵੱਲ ਖਿਸਕ ਗਿਆ। ਕਿਸੇ ਨੇ ਤੇ ਇਹ ਵੀ ਕਹਿ ਦਿਤਾ ਕਿ ਫਲਾਂ ਯੂਨੀਵਰਸਿਟੀ ਦੀ ਖੋਜ ਮੁਤਾਬਿਕ ਇਸ ਮੋਮਬੱਤੀ ਵਿਚ ਬੜਾ ਸਾਈਂਸ ਹੈ, ਪਿਘਲਦੇ ਮੋਮ ਵਿਚਂ ਇਕ ਰਸਾਇਣ ਨਿਕਲਦਾ ਹੈ ਜੋ ਕਰੋਨਾ ਵਿਸ਼ਾਣੂਆਂ ਨੂੰ ਆਪਣੀ ਚਪੇਟ ਵਿਚ ਲੈ ਲੈਂਦਾ ਹੈ।  ਇਕ ਮਿਤਰ ਨੇ ਇਹ ਵੀ ਕਿਹਾ ਕਿ ਇਸ ਸਭ ਪਲੈਨਿੰਗ ਨਿਜਾਮੂਦੀਨ ਤੋਂ ਭੱਜ ਕੇ ਛੁਪੇ ਮੁਸਲਮਾਨਾਂ ਲਈ ਹੈ ਅਤੇ ਉਹ ਇਸ ਭਾਸ਼ਣ ਦੇ ਵਿਰੋਧ ਵਿਚ ਮੋਮਬੱਤੀਆਂ ਨਹੀਂ ਜਲਾਉਣਗੇ ਅਤੇ ਫੜੇ ਜਾਣਗੇ। ਚਾਰ ਹੋਰ ਫੇਸਬੁਕ ਪੋਸਟਾਂ 1.  ‘ਹੁਣ ਲਈ ਜਾਵੇਗੀ ਕਰੋਨਾ ਦੀ ਅਗਨੀ ਪ੍ਰੀਖਿਆ’ 2. ‘ਬਿਗਬਾੱਸ ਜੈਸੀ ਹੋ ਗਈ ਜ਼ਿੰਦਗੀ, ਮੋਦੀ ਜੀ ਆਤੇ ਹੈਂ ਟਾਸਕ ਦੇਕਰ ਚਲੇ ਜਾਤੇ ਹੈਂ’ 3. ‘ਚਾਹਿਦਾ ਤਾਂ ਸੀ ਡਾਕਟਰਾਂ, ਨਰਸਾਂ ਅਤੇ ਲੋੜਵੰਦਾ ਲਈ ਸੁਵਿਧਾਵਾਂ ਪਰ ਪੱਟੂ ਨੇ ਜਾਗੋ ਦਾ ਪ੍ਰੋਗਰਾਮ ਰੱਖ ਲਿਆ’ 4. ‘CAA & NRC ਸਮਝ ਕੇ ਰਾਤੋ ਰਾਤ ਸੜਕ ਉਪਰ ਆ ਗਏ ਸੀ, ਹੁਣ ਕੁਆਰੰਟੀਨ ਅਤੇ ਸੋਸ਼ਲ ਡਿਸਟੈਂਸਿੰਗ ਸਮਝ ਨਹੀਂ ਆਉਂਦਾ; ਐਸਾ ਕੈਸੇ, ਸੋਚੋ ਇੰਡੀਆ ਸੋਚੋ।’ ਹੋਰ ਵੀ ਬੜਾ ਕੁੱਝ ਹੈ ਪਰ ਇਸਤੋਂ ਵੱਧ ਸ਼ਾਇਦ ਅਜੇ ਕਹਿਣ ਦੀ ਲੋੜ ਨਹੀਂ। ਮੈਂ ਕਾਫ਼ੀ ਸਮੇਂ ਤੋਂ ਸੋਚ ਰਿਹਾ ਸੀ ਕਿ ਸਰਕਾਰ ਵਲੋਂ ਕਰੋਨਾ ਦੇ ਲਈ ਕਿਹੜਾ ਨੁਮਾਇੰਦਾ ਨਿਯੁਕਤ ਕੀਤਾ ਗਿਆ ਹੈ ਜੋ ਸਮੇਂ ਸਮੇਂ ਉਪਰ ਟੀ ਵੀ ਉਪਰ ਆ ਕੇ ਕਰੋਨਾ ਬਾਰੇ ਖ਼ਬਰਾਂ ਦੱਸੇ, ਆਂਕੜਿਆਂ ਉਪਰ ਝਾਤ ਪੁਆਏ, ਠੀਕ ਹੋ ਰਹੇ ਮਰੀਜ਼ਾ ਬਾਰੇ ਦੱਸੇ, ਕਰੋਨਾ ਨਾਲ ਨਜਿੱਠਣ ਲਈ ਹੋ ਰਹੀਆਂ ਲੇਟਸਟ ਤਕਨੀਕਾਂ ਬਾਰੇ ਦੱਸੇ, ਨਵੀਂ ਜਾਣਕਾਰੀ ਅਤੇ ਨਵੇਂ ਪਲੈਨਜ਼ ਬਾਰੇ ਦੱਸੇ; ਜੇ ਹੈ ਤਾਂ ਮੈਨੂੰ ਨਹੀਂ ਪਤਾ।  ਮੇਰੇ ਕੋਲ ਏਨੇ ਸਾਧਨ ਹਨ ਅਤੇ ਮੈਨੂੰ ਨਹੀਂ ਪਤਾ, ਤੇ ਜਿਹਨਾਂ ਕੋਲ ਖ਼ਬਰ ਹੀ ਦਸਵੇਂ ਦਿਨ ਪਹੁੰਦੀ ਹੈ।  ਜੇਕਰ ਸਾਰਾ ਕੰਮ ਨਿਊਜ਼ ਰੂਮਜ਼ ਦੀ ਟੀ-ਆਰ-ਪੀ ਅਤੇ ਲੋਕਾਂ ਨੇ ਕਰਨਾ ਹੈ ਫਿਰ ਅਦਾਰਿਆਂ ਦਾ ਕੀ ਕੰਮ ਹੈ। ਨਾ ਕਿਤੇ ਦਵਾਈਆਂ ਦਾ ਜ਼ਿਕਰ, ਨਾ ਵੈਂਟੀਲੇਟਰਜ਼ ਦਾ, ਨਾ ਮਜ਼ਦੂਰਾਂ ਬਾਰੇ ਕੋਈ ਕਸੀਦਾ, ਕੋਈ ਗਾਈਡਲਾਈਨ ਹੀ ਨਹੀਂ ਹੈ; ਸੁਵਿਧਾਵਾਂ ਦੀ ਸੰਖਿਆ/ਆਂਕੜੇ ਅਤੇ ਇਸਦੇ ਅਮਲ ਵਿਚ ਫਰਕ। ਅਸੀਂ ਇਹ ਤੇ ਕਹਿ ਦਿਤਾ ਕਿ ਮਿਤਰੋ ਅਫਵਾਹੇਂ ਨਾ ਫੈਲਾਓ ਪਰ ਸਹੀ ਜਾਣਕਾਰੀ, ਸਹੀ ਸਮੇਂ ਅਤੇ ਸਹੀ ਸਾਧਨਾਂ ਅਤੇ ਸਹੀ ਬੰਦੇ ਰਾਂਹੀ ਹੈ ਕਿਥੇ ?     

ਮੈਨੂੰ ਮੋਮਬੱਤੀ ਨਹੀਂ ਚਾਹਿਦੀ:

ਮੈਨੂੰ ਮੁਆਫ਼ ਕਰਨਾ ਨਾ ਮੈਨੂੰ ਮੋਮਬੱਤੀ ਚਾਹਿਦੀ ਹੈ, ਨਾ ਮੈਂ ਜਲਾਉਣੀ ਹੈ ਤੇ ਮੈਨੂੰ ਇਹ ਪਤਾ ਹੈ ਤੁਹਾਨੂੰ ਇਸ ਨਾਲ ਕੋਈ ਫ਼ਰਕ ਵੀ ਨਹੀਂ ਪੈਂਦਾ। ਉਦੋਂ ਜਦੋਂ ਕਰੋਨਾ ਹਾਵੀ ਹੋ ਰਿਹਾ ਹੈ ਰਾਜਾ ਮੋਮਬਤੀਆਂ ਜਗਾਉਣ ਨੂੰ ਕਹਿ ਰਿਹਾ; ਮੇਰੀ ਮਾਂ ਜੋ ਸਰਬੱਤ ਕਦੇ ਸਰਬੱਤ ਦੇ ਭਲੇ ਲਈ ਘਰੇ ਜੋਤ ਲਗਾਉਂਦੀ ਸੀ ਜੇਕਰ ਉਹ ਕਹਿੰਦੀ ਤਾਂ ਮੰਨ ਲੈਂਦਾ ਇਹ ਕਹਿ ਕਿ ਭੋਲੀ ਹੈ।  ਪਰ ਰਾਜਾ, ਚਤੁਰ ਰਾਜਾ ਐਨਾ ਭੋਲਾ ਨਹੀਂ। ਇਹ ਕੰਮ ਰਾਜੇ ਦਾ ਨਹੀਂ।  ਸਾਡੇ ਕੋਲ ਇਹਨਾਂ ਦਿਨਾਂ ਹਜਾਰਾਂ ਕਵਿਤਾਵਾਂ, ਕਵੀ, ਉਪਦੇਸ਼, ਵੀਡੀਓਜ਼, ਲੇਖ, ਕਲਿਪਸ ਹਨ ਜੋ ਕਿਸੇ ਮੋਮਬੱਤੀਆਂ ਤੋਂ ਘੱਟ ਨਹੀਂ। ਹਰਿਕ ਮੁਲਕ, ਹਰਿਕ ਭਾਸ਼ਾ ਵਿਚ ਇਹ ਲੋਕ ਆਪਣਾ ਕੰਮ ਕਰ ਰਹੇ ਹਨ ਅਤੇ ਬਹੁਤ ਠੀਕ ਕਰ ਰਿਹੇ ਹਨ। ਜਿਹੜਾ ਕਈ ਮੁਲਕਾਂ ਦਾ ਇਕ ਇਮੋਸ਼ਨਲ ਐਕਪ੍ਰੈਸ਼ਨ ਜਾਂ ਸਮੇਂ ਪ੍ਰਤੀ ਇਕ ਖੂਬਸੂਰਤ ਸੁਭਾਵਿਕ ਅਪਰੋਚ ਸੀ ਉਸਨੂੰ ਸਾਡੇ ਰਾਜਾ ਜੀ ਕਾਪੀ ਕਰਕੇ, ਬਿਆਨਬਾਜ਼ੀ ਨਾਲ ਸਾਡੇ ਉਪਰ ਲਾਗੂ ਕਰ ਰਹੇ ਹਨ। ਇਹ ਕੀ ਦਿਖਾਉਣਾ ਚਹੁੰਦੇ ਹਨ ਕਿ ਸਭ ਠੀਕ ਅਤੇ ਨੈਚੁਰਲ ਹੈ। ਭਾਈ ਸਾਬ ਇਟਲੀ ਦੀਆਂ ਬਾਲਕਨੀ ਵਿਚ ਗਾਇਆ ਗਿਆ ਓਪੇਰਾ ਅਤੇ ਸਿਰ ਉਪਰ ਡਰ ਰੱਖ ਕੇ ਬਣਾਈ ਗਈ ਵੀਡੀਓ ਵਿਚ ਅੰਤਰ ਹੈ।  ਆਇਰਸ਼ ਕਵੀ ਹੈਂਡਰਿਕ ਦੀ ਕਵਿਤਾ ਅਤੇ ਸਕਰਿਪਟਡ ਸਟੇਟਮੈਂਟਸ ਵਿਚ ਜ਼ਮੀਨ ਆਸਮਾਨ ਦਾ ਫ਼ਰਕ ਹੈ; ਇਸ ਵਾਇਰਸ ਨਾਲ ਲੜ ਰਹੇ ਸਾਡੇ ਸਿਪਾਹੀ ਡਾਕਟਰਾਂ ਅਤੇ ਈਰਾਨ ਵਿਚ ਹੋਈ ਨਰਜ਼ਿਸ਼ ਦੀ ਮੌਤ ਇਕੋ ਹੈ ਕਿਉਂ ਕਿ ਦੋਨਾਂ ਨੂੰ ਇਕ ਸਰਕਾਰੀ ਅਣਗਹਿਲੀ ਕਰਕੇ ਮੌਤ ਵੱਲ ਧਕੇਲਿਆ ਗਿਆ। ਸਾਡੇ ਪ੍ਰਾਈਵੇਟ ਹਸਪਤਾਲ ਲੋਕਾਂ ਦੀ ਸੇਵਾ ਲਈ ਨਹੀਂ ਉਤਰੇ ਸਗੋਂ ਉਹਨਾਂ ਦੇ ਬਾਹਰ ਨੋਟਿਸ ਲੱਗੇ ਹੋਏ ਹਨ ਕਿ ਖੰਘ ਅਤੇ ਬੁਖ਼ਾਰ ਵਾਲੇ ਬਾਹਰ ਰਹਿਣ। ਪਿਛਲੇ ਦਿਨਾਂ ਵਿਚ ਹੀ ਸੜਕ ਉਪਰ ਪਾਣੀ ਖੁਣੋ ਇਕ ਬੰਦੇ ਦੀ ਮੌਤ ਹੋਈ ਹੈ, ਹਸਪਤਾਲ ਦੇ ਬਾਹਰ ਫੱਟੇ ਉਪਰ ਇਕ ਬੱਚੇ ਨੂੰ ਜਨਮ ਦਿਤਾ ਗਿਆ ਹੈ, ਆਇਸੋਲੇਟ ਵਾਰਡ ਵਿਚ ਇਕ ਦੰਪਤੀ ਦੁਆਰਾ ਖ਼ੁਦਕੁਸ਼ੀ ਕਰ ਲਈ ਗਈ ਹੈ, ਮਰਨ ਵਾਲ਼ਿਆ ਦੀ ਆਖਰੀ ਰਿਕਾਰਡਿੰਗਜ਼ ਸੁਣ ਨਹੀਂ ਹੋ ਰਹੀਆਂ। ਅਸੀਂ ਹੋਰ ਕਿੰਨਾ ਗਿਰਨਾ ਹੈ।  ਅਸੀਂ ਕਿਸਦੀ ਮੌਤ ਉਪਰ ਖੜ ਕੇ ਥਾਲੀਆਂ, ਮੋਮਬੱਤੀਆਂ ਦੇ ਕਸੀਦੇ ਘੜ ਰਹੇ ਹਾਂ। ਠੀਕ ਉਦੋਂ ਜਦੋਂ ਇਕ ਕੰਪਨੀ ਲਗਾਤਾਰ ਮਾਸਕ ਬਣਾ ਕੇ ਦੂਜੇ ਮੁਲਕਾਂ ਨੂੰ ਭੇਜ ਰਹੀ ਅਤੇ ਸਾਡੇ ਡਾਕਟਰ ਮਾਸਕ ਅਤੇ ਦਸਤਾਨੇ ਨਾਲ ਮਿਲਣ ਕਾਰਨ ਮਰ ਰਹੇ ਹਨ, ਸੜਕਾਂ ਉਪਰ ਆ ਰਹੇ ਹਨ ਤਾਂ ਰਾਜਾ ਕਹਿ ਰਿਹਾ ਹੈ ਬਜਾਓ ਥਾਲੀ।  ਇਹ ਕਿਸ ਤਰਾਂ ਮੁਲਕ ਹੈ? ਸਦਮਾ ਛੋਟਾ ਹੋਏ ਜਾਂ ਵੱਡਾ ਕਾਰਪੋਰੇਟ ਘਰਾਣਿਆ ਲਈ ਵਰਦਾਨ ਹੀ ਹੁੰਦਾ।  ਕਿਹੜੇ ਲੋਕ ਹਨ ਜੋ ਇਸ ਤਰਾਂ ਦੇ ਬਿਆਨਾਂ ਨੂੰ ਰਿਸਪਾਂਸ ਕਰ ਰਹੇ ਹਨ। ਦੁਨੀਆ ਭਰ ਦਾ ਕੁਆਂਟਮ, ਫਿਜ਼ਕਸ, ਸਾਇੰਸ, ਗਣਿਤ, ਅੰਤਰਿਕਸ਼ ਵਿਦਿਆ ਰਾਜੇ ਦੇ ਭਾਸ਼ਣਾ ਵਿਚ ਹੀ ਕਿਉਂ ਉਤਰ ਆਇਆ ਹੈ। ਭਾਰਤੀ ਮੀਡੀਆ, ਭਾਰਤੀ ਮੀਡੀਆ ਨੂੰ ਕੌਣ ਭੁਲੇਗਾ।  ਥਾਲੀ ਨੂੰ ਸਾਊਂਡ ਵੇਵ ਅਤੇ ਰੌਸ਼ਨੀ ਨੂੰ ਟੈਪਰੇਚਰ ਟਰੈਪ ਕਹਿ ਕੇ ਜੋ ਇਹ ਰਾਜਾ ਇਸ ਬਾਜ਼ਾਰ ਵਿਚ ਕੀ ਵੇਚ ਰਿਹਾ ਅਤੇ ਇਸਦੀ ਮਸ਼ਹੂਰੀ ਕੌਣ ਕਰਦਾ ਹੈ। ਜੇਕਰ ਇਸੇ ਤਰਾਂ ਹੈ ਤਾਂ ਕਿਉਂ ਨਾ ਇਕ ਖ਼ਾਲੀ ਜਗਾਹ ਲੱਭ ਕੇ ਹਰਿਕ ਖੇਤਰ ਵਿਚ ਸਰਕਾਰ ਆਪ ਇਹ ਟੈਪਰੇਚਰ ਟਰੈਪ ਕਰੋਨਾ ਉਪਰ ਸੁੱਟ ਲਵੇ, ਬਾਲੇ ਕਿੰਨੀਆਂ ਮੋਮਬੱਤੀਆਂ

ਬਾਲਣੀਆਂ।  ਜਿਹੜੇ ਬਹੁਤੇ ਮੰਤਰੀ ਸੰਤਰੀ ਲੁਕੇ ਬੈਠੇ ਹਨ ਅਤੇ ਜਿਹਨਾਂ ਨੂੰ ਸੜਕ ਉਪਰ ਮਰ ਰਹੇ ਲੋਕ ਦਿਖਾਈ ਨਹੀਂ ਦੇ ਰਹੇ ਉਹਨਾਂ ਦੇ ਹੱਥ ਇਕ ਛੁਣਛੁਣਾ ਫੜਾ ਦਿਤਾ ਜਾਏ, ਵਜਾਈ ਜਾਣ; ਈਕਾਨੋਮੀ ਵਿਚ ਨਾ ਸਹੀ ਸਾਊਂਡ ਵੇਵ ਉਪਰ ਤਾਂ ਉਹਨਾਂ ਦੇ ਹਸਤਾਖ਼ਰ ਤਾਂ ਹੋਣ। ਮੈਂ ਕਿਸੇ ਦੀ ਵੀ ਗਲਤੀ ਉਪਰ ਪਰਦਾ ਨਹੀਂ ਪਾ ਰਿਹਾ; ਮੈਂ ਮੰਨਦਾ ਹਾਂ ਕਿ ਇਹ ਲੋਕ ਗਰੀਬ ਹਨ, ਅਨਪੜ ਹਨ, ਬੇਵਕੂਫ਼ ਹਨ, ਜਾਣਕਾਰੀ ਦੀ ਘਾਟ ਹੈ; ਸੁਰੱਖਿਆ ਕਰਮੀਆਂ ਅਤੇ ਡਾਕਟਰਾਂ ਨਾਲ ਭੱਦਾ ਅਤੇ ਜਾਨਲੇਵਾ ਵਿਵਹਾਰ ਵੀ ਹੋ ਰਿਹਾ ਹੈ; ਸਰਕਾਰ ਹੈ, ਸੱਤਾ ਹੈ ਪਾਵਰ ਹੈ ਫੜੋ ਅਤੇ ਅੰਦਰ ਕਰੋ; ਮਹਾਂਮਾਰੀ ਮੁਕਣ ਤੇ ਛੱਡ ਦਿਓ। ਫੋਕੇ ਡਰਾਮਿਆਂ ਦੀ ਕੀ ਲੋੜ ਹੈ। ਮਸਲਾ ਧਰਮ, ਗਰੀਬ ਅਤੇ ਗੁਮਰਾਹ ਲੋਕਾਂ ਨੂੰ ਮਸਾਲਾ ਬਣਾਉਣ ਉਪਰ ਹੈ, ਇਹ ਸਭ ਅਸੀਂ ਹੀ ਇਹਨਾਂ ਨੂੰ ਬਣਾਈ ਰੱਖਿਆ ਹੈ।  ਕੀ ਇਹਨਾਂ ਤੱਕ ਸਹੀ ਜਾਣਕਾਰੀ ਪਹੁੰਚਾਈ ਗਈ, ਕਿਵੇਂ ਪਹੁੰਚੀ ਇਹਨਾਂ ਤੱਕ ਜਾਣਕਾਰੀ ਰੇਡੀਓ, ਟੈਲੀਵਿਜ਼ਨ ਜਾਂ ਫੇਸਬੁਕ ਰਾਂਹੀ; ਨਿਊਜ਼ ਚੈਨਲ ਘੋਲ ਕੇ ਪਾਇਆ ਗਿਆ ਇਹਨਾਂ ਦੇ ਕੰਨਾ ਵਿਚ ਜਾਂ ਇਹਨਾਂ ਦੇ ਮਾਲਕਾਂ ਨੇ ਇਹਨਾਂ ਦੇ ਘਰ ਪਹੁੰਚਣ ਦਾ ਪ੍ਰਬੰਧ ਕੀਤਾ, ਤਨਖਾਹ ਮਿਲੀ? ਪਾਗ਼ਲ ਲੋਕ, …ਬੀਪ… ਨਿਕਲ ਪਏ ਮਰਨ ਲਈ ਸੜਕਾਂ ਉਪਰ; ਪੂਰੀ ਉਮਰ ਇਹਨਾਂ ਦੇ ਪਰਿਵਾਰਾ ਨੂੰ ਕੋਸਿਆ ਜਾਏਗਾ ਅਤੇ ਇਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਆਪਣੇ ਆਪ ਉਪਰ ਕੀਟ ਨਾਸ਼ਕਾਂ ਦੀ ਬੂ ਸੁੰਘਣਗੀਆਂ।  ਇਕ ਮੋਮਬੱਤੀ ਇਹਨਾਂ ਨੂੰ ਵੀ ਖਰੀਦ ਕੇ ਦੇ ਦਿਓ; ਕਰੋਨਾ ਭੱਜ ਜਾਏਗਾ ਇਹਨਾਂ ਦਾ ਵੀ। ਇਹਨਾਂ ਨੂੰ ਵੀ ਦੱਸੋ ਕਿ ਇਸ ਵਾਇਰਸ ਤੋਂ ਹੋਈ ਮੌਤ ਤੋਂ ਬਾਅਦ ਉਸਦੇ ਸਰੀਰ ਜਾਂ ਸੰਸਕਾਰ ਜਾਂ ਦਫਨਾਣ ਲਈ ਕੀ ਗਾਈਡਲਾਈਨਜ਼ ਨੇ।  ਹੱਸ ਰਹੀ ਹੈ ਸੱਤਾ, ਸਾਡੀ ਬੇਵਕੂਫੀ ਅਤੇ ਪੜੀ ਲਿਖੀ ਅਨਪੜਤਾ ਉਪਰ।  ਕੀ ਅਸੀਂ ਆਪਣੇ ਘਰ ਵਿਚ ਬੈਠੇ ਐਨੇ ਨਿਰਾਸ਼ ਹਾਂ ਕਿ ਵਿਚਾਰੇ ਰਾਜੇ ਨੂੰ ਸਾਡੇ ਅੰਦਰ ਆਸ ਜਗਾਉਣ ਲਈ ਮੋਮਬੱਤੀ ਜਲਾਉਣ ਦਾ ਹੁਕਮ ਦੇਣਾ ਪੈਂਦਾ ਹੈ; ਐਨੇ ਬੋਲੇ ਹੋ ਗਏ ਹਾਂ ਕਿ ਚੀਕਾਂ ਸੁਣਾਈ ਨਹੀਂ ਦਿੰਦੀਆ, ਐਨੇ ਬੁਜ਼ਦਿਲ ਕਿ ਹਾਲੇ ਵੀ ਧਰਮ, ਮਖੋਟਾ ਅਤੇ ਨਫ਼ਰਤ ਸਾਡੇ ਦਿਲ ਵਿਚੋਂ ਨਹੀਂ ਉਤਰੀ। ਇਹ ਮੋਮਬੱਤੀਆਂ ਜਗਾਉਣ ਵਾਲੇ ਲੋਕ ਕੌਣ ਹੋਣਗੇ, ਉਹੀ ਜਿਹੜੇ ਕੁੱਝ ਦਿਨ ਪਹਿਲਾਂ ਲੋਕਾਂ ਦਾ ਨਾਂ ਬਦਲ ਕੇ ਕਰੋਨਾ ਰੱਖ ਰਹੇ ਸੀ ਜਾਂ ਉਹ ਚੁਟਕਲਿਆਂ ਦੀ ਲੜਾਈ ਵਿਚ ਮਸ਼ਰੂਫ ਸਨ? ਮਾਫ਼ ਕਰਨਾ ਮੈਨੂੰ ਕਿਸੇ ਕੋਲੋ ਆਸ ਕੋਈ ਮੋਮਬੱਤੀ ਨਹੀਂ ਚਾਹਿਦੀ, ਮੇਰੇ ਲਈ ਹਰ ਰੋਜ਼ ਇਹ ਕੰਮ ਸੂਰਜ ਕਰ ਦਿੰਦਾ ਹੈ; ਸਦੀਆਂ ਤੋਂ ਕਰਦਾ ਆ ਰਿਹਾ ਹੈ, ਸਦੀਆਂ ਤੱਕ ਕਰਦਾ ਰਹੇਗਾ; ਜਿਸਨੂੰ ਚੜਦਾ-ਡੁਬਦਾ ਸੂਰਜ ਆਸ ਨਹੀਂ ਦਿੰਦਾ, ਉਸਦਾ ਮੋਮਬੱਤੀ ਵੀ ਕੁੱਝ ਨਹੀਂ ਕਰੇਗੀ।

ਇਹ ਰੌਸ਼ਨੀ ਕਿਸ ਕੰਪਨੀ ਦੀ ਹੈ: ਸਮੇਂ ਨਾਲ ਸਿੱਧੀ ਰੈਲੇਵੈਂਸੀ ਤਾਂ ਨਹੀਂ ਪਰ ਫਿਰ ਵੀ ਇਸ ਰੌਸ਼ਨੀ ਦੀ ਰਾਜਨੀਤੀ ਉਪਰ ਹਰੀਸ਼ੰਕਰ ਪਰਸਾਈ ਦੀ ਕਹਾਣੀ ‘ਟਾਰਚ ਵੇਚਣ ਵਾਲੇ’ ਯਾਦ ਆ ਰਹੀ। ਇਹ ਕਹਾਣੀ ਕਾਫ਼ੀ ਸਮਾਂ ਪਹਿਲਾ ਪੜੀ ਸੀ ਅਤੇ ਅੱਜ ਦੁਬਾਰਾ ਕਿਸੇ ਬਲਾੱਗ ਉਪਰ ਦੇਖੀ ਤਾਂ ਸੋਚਿਆ ਕਿ ਇਸਦਾ ਜ਼ਿਕਰ ਕਰਾਂ। ਇਸ ਕਹਾਣੀ ਦਾ ਸਿਧਾ ਸਬੰਧ ਹਨੇਰੇ ਤੋਂ ਡਰਾ ਕੇ ਰੌਸ਼ਨੀ ਵੇਚਣ ਵਾਲਿਆ ਨਾਲ ਸੀ। ਮੋਟੀ ਮੋਟੀ ਕਹਾਣੀ ਸੀ ਕਿ ਦੋ ਪਾਤਰ ਕੁੱਝ ਸਾਲਾਂ ਬਾਅਦ ਮਿਲਦੇ ਹਨ। ਇਕ ਟਾਰਚ ਵੇਚਦਾ ਹੈ, ਇਕ ਸਾਧ ਬਣਕੇ ਸੁਪਨਈ ਪ੍ਰਕਾਸ਼। ਹਨੇਰੇ ਦਾ ਇਲਾਜ ਕੋਈ ਨਹੀਂ ਕਰਦਾ।  ਟਾਰਚ ਵੇਚਣ ਵਾਲਾ ਆਪਣਾ ਕਿਸਾ ਦੂਸਰੇ ਨੂੰ ਸਦਾ ਹੈ ਕਿ ਕਿਸ ਤਰਾਂ ਉਹ ਸਿਖਰ ਦੁਪਹਿਰੇ ਲੋਕਾਂ ਨੂੰ ਡਰਾਉਂਦਾ ਹੈ, ਫਿਰ ਪ੍ਰਕਾਸ਼ ਨਾ ਰਾਬਤਾ ਕਰਾਉਂਦਾ ਹੈ ਅਤੇ ਆਪਣੀ ‘ਸੂਰਜ ਸ਼ਾਪ’ ਟਾਰਚ ਵੇਚ ਦਿੰਦਾ ਹੈ। ਫਿਰ ਉਹ ਦੂਸਰੇ ਪਾਤਰ ਆਪਣੇ ਦੋਸਤ ਨੂੰ ਇਕ ਫਿਲਮੀ ਸੰਤ ਵਾਂਗ ਸਟੇਜ਼ ਉਪਰ ਦੇਖਦਾ ਹੈ ਜੋ ਤਕਰੀਬਨ ਤਕਰੀਬਨ ਮਿਲਦੇ ਜੁਲਦੇ ਜੁਮਲਿਆ ਨਾਲ ਰਹੱਸਮਈ ਪ੍ਰਕਾਸ਼ ਵੇਚ ਰਿਹਾ ਹੈ। ਉਹ ਉਸ ਸੰਤ ਆਦਮੀ ਨੂੰ ਪੁਛਦਾ ਹੈ ਕਿ ਕਿਹੜੀ ਕੰਪਨੀ ਦੀ ਟਾਰਚ ਵੇਚਦਾ ਏਂ । ਸੰਤ ਜੁਆਬ ਦਿੰਦਾ ਹੈ ਕਿ ਮੈਂ ਟਾਰਚ ਕਿਉਂ ਵੇਚਾਂਗਾ ਮੈਂ ਇਕ ਦਾਰਸ਼ਨਿਕ, ਸਾਧੂ ਅਤੇ ਸੰਤ ਹਾਂ। ਉਹ ਬੰਦਾ ਕਹਿੰਦਾ ਹੈ ਕਿ ਜੋ ਵੀ ਕਹੋ ਵੇਚਦਾ ਤੂੰ ਟਾਰਚ ਹੀ ਹੈਂ। ਤੇਰੇ ਅਤੇ ਮੇਰੇ ਪ੍ਰਵਚਨ ਇਕ ਤਰਾਂ ਦੇ ਹਨ।  ਇਸ ਤਰਾਂ ਦੀ ਗੱਲਬਾਤ ਨਾਲ ਕਾਹਣੀ ਖ਼ਤਮ ਹੋ ਜਾਂਦੀ ਹੈ ਅਤੇ ਆਮ ਟਾਰਚ ਵੇਚਣ ਵਾਲਾ ਦਾਹੜੀ ਰੱਖਣ ਦੀ ਸੋਚਣ ਲਗਦਾ ਹੈ। ਇਸ ਕਹਾਣੀ ਦਾ ਇਕ ਡਾਇਲਾਗ ਹੈ ਕਿ :-

 “ਚਾਹੇ ਕੋਈ ਦਾਰਸ਼ਨਿਕ ਬਣੇ, ਸੰਤ ਬਣੇ ਜਾਂ ਸਾਧੂ ਬਣੇ, ਜੇਕਰ ਉਹ ਬੰਦਾ ਲੋਕਾਂ ਨੂੰ ਹਨੇਰਾ ਦਾ ਡਰ ਦਿਖਾਉਂਦਾ ਹੈ ਤਾਂ ਉਹ ਆਪਣੀ ਕੰਪਨੀ ਦਾ ਟਾਰਚ ਹੀ ਵੇਚਣਾ ਚਹੁੰਦਾ ਹੈ।  ਤੇਰੇ ਵਰਗੇ ਲੋਕਾਂ ਲਈ ਹਮੇਸ਼ਾ ਹੀ ਅੰਧਕਾਰ ਛਾਇਆ ਰਹਿੰਦਾ ਹੈ।  ਤੂੰ ਦੱਸ ਕਿ ਤੇਰੇ ਵਰਗੇ ਕਿਸੀ ਆਦਮੀ ਨੇ ਹਜਾਰਾਂ ਵਿਚ ਬੈਠ ਕੇ ਕਦੇ ਇਹ ਵੀ ਕਿਹਾ ਹੈ ਕਿ ਅੱਜ ਦੁਨੀਆ ਵਿਚ ਪ੍ਰਕਾਸ਼ ਫੈਲਿਆ ਹੈ।  ਨਹੀਂ ਕਿਹਾ ਕਿਉਂ ਉਹਨਾਂ ਨੇ ਆਪਣੇ ਕੰਪਨੀ ਦਾ ਟਾਰਚ ਵੇਚਣਾ ਹੈ। ”

ਨੋਟ: ਇਸਦਾ ਰਾਜੇ ਦੇ ਭਾਸ਼ਣ ਨਾਲ ਕੋਈ ਸਬੰਧ ਨਹੀਂ ਹੈ। 

ਸੂਰਜ ਵੱਡਾ ਬੰਦਾ ਹੈ: ਅਸੀਂ ਚੰਦ ਨੂੰ ਮਾਮਾ ਕਹਿ ਕੇ ਵੱਡੀ ਹੋਈ ਪੀੜੀ ਹਾਂ; ਸੂਰਜ ਵੱਡਾ ਬੰਦਾ ਹੈ। ਸ਼ਾਇਦ ਤਾਂਹੀ ਦਾਦੀ ਕਹਿੰਦੀ ਹੁੰਦੀ ਸੀ ਕਿ ਸੂਰਜ ਨੂੰ ਦੀਵਾ ਨਹੀਂ ਦਿਖਾਈਦਾ।  ਮੈਂ ਪਹਿਲਾਂ ਹੀ ਕਿਹਾ ਆਪਣੇ ਆਪ ਨੂੰ, ਪਰਿਵਾਰ ਨੂੰ, ਦੋਸਤਾਂ ਨੂੰ ਆਸ ਦੇਣ, ਦਿਖਾਉਣ ਲਈ ਮੈਨੂੰ ਕਿਸੇ ਮੋਮਬੱਤੀ ਦੀ ਲੋੜ ਨਹੀਂ ਹੈ।  ਮੇਰਾ ਇਹ ਕੰਮ ਸੂਰਜ ਕਰ ਲੈਂਦਾ ਹੈ, ਜਿਦਣ ਸੂਰਜ ਬੁਝਿਆ ਮੋਮਬੱਤੀ ਵੀ ਬਾਲਾਂਗੇ।  ਇਕ ਕਵਿਤਾ ਹੈ ਪੂਰੀ ਤਰਾਂ ਤਾਂ ਯਾਦ ਨਹੀਂ ਪਰ ਉਸ ਵਿਚ ਨਵਤੇਜ (ਨਵਤੇਜ ਭਾਰਤੀ, ਪੰਜਾਬੀ ਕਵੀ) ਲਿਖਦਾ ਹੈ ਕਿ ਮੈਂ ਚੁਰੱਸਤੇ ਵਿਚ ਦੀਵਾ ਜਗਾ ਦਿਤਾ ਹੈ, ਦੀਵੇ ਦਾ ਕੰਮ ਰੌਸ਼ਨੀ ਦੇਣਾ ਹੈ ਰਾਹ ਦੱਸਣਾ ਨਹੀਂ।  ਇਹ ਦੀਵਾ ਬੰਦੇ ਅੰਦਰ ਹੋਣਾ ਚਾਹਿਦਾ। ਇਸਤੋਂ ਪਹਿਲਾਂ ਕਿ ਪਿਆਰ ਸਾਡੇ ਅੰਦਰ ਗੰਧ ਮਾਰਨ ਲੱਗੇ, ਇਸ ਸਮੇਂ ਵਿਚ ਤਾਪਮਾਨ ਅੰਦਰ ਵਧਾਉਣ ਦੀ ਲੋੜ ਹੈ ਤਾਂ ਕਿ ਫੇਫ਼ੜਿਆਂ ਵਿਚ ਭਰਿਆ ਧੂੰਆਂ, ਦਿਲ ਵਿਚ ਭਰੀ ਨਫ਼ਰਤ, ਨਸਾਂ ਵਿਚ ਜੰਮਿਆ ਪਸੀਨਾ ਬਾਹਰ ਨਿਕਲ ਸਕੇ। ਤੇ ਕੋਈ ਬੰਦਾ ਰਾਜੇ ਨੂੰ ਖ਼ਬਰ ਕਰੇ ਕਿ ਸਾਡੀ ਰੀੜ ਬਹੁਤ ਸਖ਼ਤ ਹੈ ਅਤੇ ਆਸ ਬਹੁਤ ਲੰਮੀ। ਸਾਡੇ ਪੁਰਖਿਆ ਦੀ ਆਸ ਦਾ ਇਤਿਹਾਸ ਬਹੁਤ ਡੂੰਘਾ ਹੈ। ਅਸੀਂ ਉਹੀ ਹਾਂ ਜੋ ਫਸਲ ਬੀਜਣ ਵੇਲੇ ਚਾਰ ਮੁੱਠਾ ਜੀਵ ਜੰਤ ਲਈ ਵੀ ਸੁਟਦੇ ਰਿਹਾ ਹੈ, ਬੰਦਾ ਅਜੇ ਸਾਡੇ ਕੋਲੋਂ ਟੁਟਿਆ ਨਹੀਂ। ਸਾਡੀ ਸਿਮਰਤੀ ਵਿਚ ਸਿਆਲਾਂ ਵਿਚ ਆਉਂਦੇ ਰਾਸ਼ੇ ਅਤੇ ਕਣਕ ਵੇਲੇ ਆਉਂਦਾ ਕੋਹੜੀ ਵੀ ਸਾਡੇ ਟੱਬਰ ਦਾ ਹੀ ਹਿਸਾ ਹਨ। ਇਸ ਸਮੇਂ ਵੀ ਸਾਡੇ ਕਿਰਸਾਨ, ਕਵੀ, ਆਰਟਿਸਟ, ਲੇਖਕ, ਦਾਰਸ਼ਨਿਕ, ਗੁਰੂ-ਚੇਲੇ ਆਸ ਦੇ ਰਹੇ ਹਨ। ਰਾਜਾ ਜੀ ਮੇਰੀ ਆਸ ਦਾ ਫ਼ਿਕਰ ਨਾ ਕਰੋ।  

ਹਾਲੇ ਤਾਂ ਸਾਡੇ ਪਿੰਡ ਆਲਾ ਅਮਲੀ ਨਸ਼ੇ ਦੀ ਤੋੜ ਭੁੱਲ ਕੇ ਕਹਿੰਦਾ ਹੈ ਕਿ, ‘ਕਾਕਾ, ਆ ਕੁਦਰਤ ਭਲੀ ਕਰੂ, ਚਿਤ ਹੌਲਾ ਨਾ ਕਰੋ।’ ਰਾਜੇ ਨੂੰ ਕਹੋ ਕਿ ਹਾਲੇ ਸਮਾਂ ਹੈ, ਜਿਹੜਾ ਕਰਨ ਵਾਲਾ ਕੰਮ ਉਹਦੇ ਕਰਨ ਵਾਲਾ ਹੈ ਉਹ ਕਰੇ।

Write A Comment