ਕਿਤਾਬ ‘ਇਤੀ’ ਵਿਚੋਂ ਪੰਜ ਕਵਿਤਾਵਾਂ
ਇਹ ਕਵਿਤਾਵਾਂ ਮੈ ਕਿਸੇ ਆਪਣੇ ਦੀ ਮੌਤ ਤੋਂ ਬਾਅਦ ਕੁੱਝ ਦਿਨਾਂ ਦੇ ਅੰਦਰ ਅੰਦਰ ਲਿਖੀਆਂ ਸਨ. ਪਤਾ ਨਹੀਂ ਕਿਉਂ ਲਿਖੀਆਂ . ਲਗ ਰਿਹਾ ਸੀ ਕਿ ਮੈਂ ਮਰਨਾ ਪਹਿਲੀ ਵਾਰ ਦੇਖਿਆ ਹੈ; ਹਾਲਾਂ ਕਿ ਇਸ ਤਰਾਂ ਨਹੀਂ ਸੀ. ਫਿਰ ਵੀ .
ਕੁੱਝ ਸਮੇਂ ਬਾਦ ਮੇਰੇ ਕੋਲ ਸਿਰਫ਼ ਬਾਰੂਦਾ ਹੈ.

1

ਮਰੇ ਆਦਮੀ ਦੀ ਤਸਵੀਰ ਦਾ
ਸਿਰਫ਼ ਸ਼ੀਸ਼ਾ ਜੀਵੰਤ ਹੁੰਦਾ ਹੈ
ਜਿਸ ਵਿਚ ਦੂਰੋਂ ਆ ਰਹੀ ਹਵਾ ਆਪਣਾ ਮੂੰਹ ਵੇਖਦੀ ਹੈ

ਸ਼ੀਸ਼ਾ ਪਹਾੜੀ ਪੱਥਰ ਹੁੰਦਾ ਹੈ
ਜਿਸ ਉਪਰ ਧਰਤੀ ਦਾ ਠੋਸ ਪਾਣੀ
ਦਾਗ਼ ਬਣਦਾ ਹਵਾ ਦੀ ਫੁਲਵਹਿਰੀ ਉਤਾਰ ਲੈਂਦਾ

ਮਰੇ ਆਦਮੀ ਦੀ ਤਸਵੀਰ ਵਿਚ
ਸਿਰਫ਼ ਉਸਦੀ ਐਨਕ ਦਾ ਸ਼ੀਸ਼ਾ ਮਰਦਾ ਹੈ
ਜਿਸਨੂੰ ਉਤਾਰ ਕੇ
ਉਹ ਸਭ ਕੁੱਝ ਦੇਖਣਾ ਚਹੁੰਦਾ ਹੈ ਜੋ ਰਹਿ ਗਿਆ ਹੁੰਦਾ ਹੈ ਦੇਖਣੋ

ਸਿਰੋਂ ਪੈਰਾਂ ਤੱਕ ਭਰੀ ਡਾਇਰੀ ਵਿਚ
ਜੋ ਖ਼ਾਲੀ ਪੰਨਾ ਹੁੰਦਾ ਹੈ 
ਉਸ ਵਿਚ ਲਿਖੀ ਜਾ ਰਹੀ ਖ਼ਾਲੀ ਥਾਂ ਉਸ ਧਰਤੀ ਦਾ ਉਲੱਥਾ ਹੈ
ਜਿਸ ਵਿਚ ਪਹਾੜੀ ਪੱਥਰ ਨੇ ਕੁਝ ਲਿਖਣਾ ਹੈ
ਪਰ ਲਿਖ ਨਹੀਂ ਸਕਦਾ.

ਮਰਿਆ ਆਦਮੀ ਨਹੀਂ ਜਾਣਦਾ
ਕਿ ਸਾਰੀ ਉਮਰ ਉਸਨੇ ਜੋ ਕੱਚ ਬੜਾ ਨਿੱਕਾ ਨਿੱਕਾ ਕਰ ਜੋੜਿਆ ਹੈ
ਉਹ ਕਦੇ ਉਸ ਵਿਚੋਂ ਬਾਹਰ ਨਹੀਂ ਆ ਸਕੇਗਾ

ਮਰੇ ਆਦਮੀ ਨੂੰ ਜਿਉਣ ਦਾ ਸ਼ਰਾਪ ਹੈ

ਮਰੇ ਆਦਮੀ ਦੀ ਤਸਵੀਰ ਦਾ
ਸਿਰਫ਼ ਸ਼ੀਸ਼ਾ ਹੀ ਜੀਵੰਤ ਹੁੰਦਾ ਹੈ
ਜਿਸ ਵਿਚ ਦੁਨੀਆਂ ਭਰ ਦੇ ਚਿਹਰੇ ਚੰਦਰਮਾ ਬਣਦੇ ਹਨ
ਪਰ ਉਹ ਆਪਣਾ ਚਿਹਰਾ ਨਹੀਂ ਵੇਖ ਸਕਦਾ.

2

ਮਰੇ ਆਦਮੀ ਦੀਆਂ ਗੱਲਾਂ ਵਿਚ
ਕੋਈ ਵਿਰਾਮ ਚਿੰਨ੍ਹ ਨਹੀਂ ਹੁੰਦਾ
ਡੰਡੀ ਕੌਮਾ ਫੁੱਲ ਸਟਾਪ ਕਾਲਨ ਸੈਮੀਕਾਲਨ ਕੁਝ ਨਹੀਂ

ਭਾਸ਼ਾ ਲਿੱਪੀ ਨਹੀਂ. ਕੋਈ ਅਕਾਰ ਨਹੀਂ.

ਮਰਿਆ ਆਦਮੀ ਹੱਡੀ ਨਾਲ
ਚੱਟਾਨ ਉਪਰ ਚਿੱਤਰ ਉਕੇਰਦਾ ਹੈ
ਉਸੇ ’ਚ ਫਸ ਜਾਂਦਾ ਹੈ. ਉਸੇ ਨੂੰ ਆਪਣਾ ਪਿੰਜਰ ਸਮਝਦਾ ਹੈ

ਹਰਿਕ ਵਸਤ ਉਸਦੀ ਭਾਸ਼ਾ ਦੀ ਮੀਨ-ਮੇਖ ਹੁੰਦੀ ਹੈ
ਉਸਦੀ ਕਿਸੇ ਵੀ ਗੱਲ ਵਿਚ ਕਿਸੇ ਆਤਮਾ ਦਾ ਜ਼ਿਕਰ ਨਹੀਂ ਹੁੰਦਾ

ਮਰਿਆ ਆਦਮੀ
ਸੇਕ ਦੇ ਉਸ ਟੁਕੜੇ ਦੀ ਭਾਸ਼ਾ ਵਿਚ ਗੱਲ ਕਰਦਾ ਹੈ
ਜਿਹੜਾ ਰਹਿ ਗਿਆ ਹੁੰਦਾ ਚੰਦਨ ਦੀ ਉਸ ਲੱਕੜੀ ਦੇ ਨਾਲ ਲੱਗਾ
ਜਿਸਨੂੰ ਉਸਨੇ ਰੀੜ ’ਤੇ ਉਗਾਇਆ ਹੁੰਦਾ
ਆਪਣੇ ਅੰਦਰੋਂ ਸਿੰਮਦੇ ਪਾਣੀ ਨਾਲ ਸਿੰਜ ਕੇ

ਉਸਦੀਆਂ ਗੱਲਾਂ ਵਿਚ ਹੋਰ ਫ਼ੈਲਸੂਫ਼ੀਆਂ ਵਾਂਗ
ਜਨਮ-ਮਰਣ ਦੀ ਕੋਈ ਗੱਲ ਨਹੀਂ ਹੁੰਦੀ
ਉਸ ਲਗਾਤਾਰ ਇਕ ਤਾਰੇ ਤੋਂ ਛਾਲ ਮਾਰਦਾ ਹੈ- ਉਸੇ ਤੇ ਵਾਪਿਸ ਆ ਜਾਂਦਾ ਹੈ

ਉਸਦੀ ਯਾਦਦਾਸ਼ਤ ਹੌਲੀ-ਹੌਲੀ ਕਿਸੇ ਧਾਤ ਵਿਚ ਬਦਲ ਜਾਂਦੀ ਹੈ.

ਮਰਿਆ ਆਦਮੀ ਬਰੇਲ ਨਹੀਂ ਜਾਣਦਾ
ਫਿਰ ਵੀ ਹਰਿਕ ਚੀਜ਼ ਨੂੰ ਛੂਹ ਕੇ ਵੇਖਦਾ ਹੈ.

3

ਮਰੇ ਆਦਮੀ ਦੇ ਕੱਪੜੇ ਉਤਾਰਦਿਆਂ ਲਗਦੈ,
ਜਿਵੇਂ ਉਤਾਰ ਰਹੇ ਹੋਈਏ
ਪਥਰੀਲੀ ਜੈਕਟ ਉਸ ਪਹਾੜ ਉਪਰੋਂ
ਜਿਸਦੀ ਚੋਟੀ ’ਤੇ ਮੰਦਰ ਬਿਰਾਜ਼ਮਾਨ ਹੈ

ਛਾਤੀ ਵਿਚੋਂ ਆਉਂਦੀ ਹੈ
ਪਿੱਤਲ/ਪਿੱਤਰ ਟੁਟਣ ਦੀ ਅਵਾਜ਼

ਇਕਦਮ ਤਾਂ ਨਹੀਂ
ਪਰ ਮਰਿਆ ਆਦਮੀ ਕਿਸੇ ਕੱਪੜੇ ਦੇ ਮੇਚ ਦਾ ਨਹੀਂ ਰਹਿੰਦਾ
ਅਚਾਨਕ ਬਟਨ ਟੁੱਟੇਗਾ
ਮੰਦਰ ਵਿਚੋਂ ਸਦੀਆਂ ਪੁਰਾਣੀ ਮੂਰਤੀ ਖਿਸਕ ਜਾਵੇਗੀ

ਏਨਾ ਕ ਹੀ ਇਤਿਹਾਸ ਹੈ ਈਸ਼ਵਰ ਦਾ.

ਮਰਿਆ ਆਦਮੀ ਧਾਗਿਆਂ ਦੀ ਦੁਨੀਆ ਵਿਚ
ਉਸ ਰੇਸ਼ੇ ਦੀ ਤਲਾਸ਼ ਵਿਚ ਨਿਕਲ ਜਾਂਦੈ
ਜਿਸਤੇ ਚਲਕੇ
ਉਸਨੇ ਕੁਲ ਦੁਨੀਆਂ ਦੇ ਕੱਪੜੇ ਦਫਨਾਉਣੇ ਹੁੰਦੇ ਹਨ.

ਪਹਾੜ ਮਰੇ ਆਦਮੀ ਦਾ ਮਿੱਤਰ ਹੈ-

ਉਸਦੀ ਯਾਦ ਵਿਚ ਉਤਾਰਦਾ ਹੈ ਪੱਥਰ ਆਪਣੇ ਸਰੀਰ ਉਪਰੋਂ
ਜੋ ਉਸਦੀ ਛਾਤੀ ’ਚ ਟੁੱਟ ਰਹੇ ਹਨ ਲਗਤਾਰ.

4

ਮਰੇ ਆਦਮੀ ਦੀ ਪ੍ਰੇਮਿਕਾ ਨੂੰ ਮਿਲਣਾ
ਮਿਲਣਾ ਹੁੰਦਾ ਹੈ
ਕਿਸੇ ਲੁਪਤ ਹੋ ਰਹੀ ਬੋਲੀ ਨੂੰ

ਪ੍ਰੇਮਿਕਾ:
ਮਾਂ ਭੈਣ ਪਤਨੀ ਦੋਸਤ ਕੁਝ ਨਹੀਂ ਰਹਿੰਦੀ

ਤੁਸੀਂ ਲਗਾਤਾਰ
ਬੀਤ ਚੁੱਕੇ ਵਰਤਮਾਨ ਨੂੰ ਮਿਲਦੇ ਹੋ
ਉਸੇ ਵਿਚੋਂ ਬਾਹਰ ਆ ਜਾਂਦੇ ਹੋ; ਉਸੇ ਵਿਚ ਫਸੇ ਰਹਿੰਦੇ ਹੋ

ਇਕ ਡੂੰਘਾ ਸੁਪਨਾਂਤਰ; ਡੂੰਘਾ ਕਾਲਾਖੱਡਾ.

ਅਕਾਲਿਕ ਚੁੰਮਣ

ਨਚੀਕੇਤਾ ਦੀਆਂ ਗੱਲਾਂ ਵਿਚੋਂ ਬਾਹਰ ਰਹਿ ਗਿਆ ਛਿਣ
ਜਿਸਨੂੰ ਯਮਾਅ ਨੇ ਹੌਲ਼ੀ ਜਹੀ ਤੋਰ ਦਿੱਤਾ ਉਸ ਨਾਸ਼ਵਾਨ ਮੁਹੱਬਤ ਵੱਲ
ਜੋ ਆਪਣੇ ਦੁਆਲੇ ਘੁੰਮਦੀ ਹੈ.

ਮਰੇ ਆਦਮੀ ਦਾ ਜੋ ਕਾਲ ਹੁੰਦੈ
ਉਸ ਵਿਚ ਸਿਰਫ਼ ਉਸਦੀ ਪ੍ਰੇਮਿਕਾ ਰਹਿੰਦੀ ਹੈ; ਸ਼ਾਂਤ
ਪਾਣੀ ਵਿਚ ਛਿਲ ਹੁੰਦੇ ਪੱਥਰ ਵਾਂਗ.

ਮਰੇ ਆਦਮੀ ਦੀ ਪ੍ਰੇਮਿਕਾ ਨੂੰ ਮਿਲਣਾ
ਮਿਲਣਾ ਨਹੀਂ ਹੁੰਦਾ.

5.

ਮਰਿਆ ਆਦਮੀ ਮਰਦਿਆਂ
ਸਭ ਤੋਂ ਪਹਿਲਾਂ ਆਪਣੀ ਕਲਪਨਾ ਨੂੰ ਮਾਰਦਾ ਹੈ

ਉਹ ਜਾਣਦੈ
ਕਿ ਇਸ ਤਰ੍ਹਾਂ ਦਾ ਕੋਈ ਫੈਸਲਾ ਉਸਦੇ ਹੱਥ ਨਹੀਂ
ਪਰ ਫਿਰ ਵੀ ਉਸਨੂੰ ਚੰਗੇ ਲਗਦੇ ਹਨ
ਫਿੰਗਰ ਪ੍ਰਿੰਟਸ

ਉਸਦੇ ਮਰਨ ਨਾਲ
ਕੋਈ ਪ੍ਰਜਾਤੀ ਖ਼ਤਮ ਨਹੀਂ ਹੁੰਦੀ
ਫਿਰ ਵੀ ਇਕ ਪੂਰੀ ਸਭਿਅਤਾ ਦਾ ਵਿਨਾਸ਼ ਹੁੰਦਾ ਹੈ ਉਸ ਨਾਲ

ਸਭਿਅਤਾ:
ਜਿਸਨੂੰ ਉਸਨੇ ਆਪਣੀ ਕਲਪਨਾ ਵਿਚ ਵਸਾਇਆ ਹੁੰਦੈ
ਜਿਸਦਾ ਪੂਰਵਜ ਭੂਤ ਭਵਿਖ ਉਹ ਆਪ ਹੁੰਦੈ

ਲੈ ਦੇ ਕੇ ਉਸ ਕੋਲ ਖੰਡਰ ਬਚਦਾ
ਜਿਸ ’ਚ ਇਕ ਤਿਤਲੀ ਦੀ ਮਹਿਕ ਲਗਾਤਾਰ ਉਸਦਾ ਪਿੱਛਾ ਕਰਦੀ ਹੈ.

ਉਸਦੇ ਖ਼ਿਆਲ ਦੀ ਹਰਿਕ ਪਰਤ
ਉਸਦੇ ਆਪਣੇ ਭਾਰ ਹੇਠਾਂ ਦਬ ਜਾਂਦੀ ਹੈ

ਮਰਿਆ ਆਦਮੀ
ਭੁਰ ਚੁੱਕੇ ਫਿੰਗਰ-ਪ੍ਰਿੰਟਸ ਦਾ ਬਾਰੂਦਾ ਹੈ

ਬਸ.

ਸ਼ਿਵਦੀਪ

Write A Comment