ਮੇਰੇ ਪਿੰਡ ਦਾ ਰਾਜਾ ਪਾਗ਼ਲ ਹੈ:

ਪਤਾ ਨਹੀਂ ਕਿਉਂ ਪਰ ਇਹਨਾਂ ਕਵਿਤਾਵਾਂ ਨੂੰ ਮੈਂ ਆਪਣੀ ਕਵਿਤਾ ਤੋਂ ਵੱਖ ਦੇਖਦਾ ਹਾਂ।  ਇਹ ਲਿਖਤਾਂ ਜੰਗ ਦੇ ਦਿਨਾਂ ਵਿਚ ਯੁੱਧ ਭੂਮੀ ਵਿਚ ਡਿੱਗੇ/ਲੜ ਰਹੇ ਜਖ਼ਮੀ ਦੋਸਤ ਨੇ, ਮੇਰੇ ਆਪਣੇ ਨੇ, ਮੈਂ ਹਾਂ; ਇਹ ਸਭ ਠੀਕ ਉਦੋਂ ਵਾਪਰ ਰਿਹਾ ਸੀ ਜਦੋਂ ਮੈਂ ਹੰਗਾਮੀ ਦਿਨਾਂ ਵਿਚ ਲਗਾਤਾਰ ਆਪਣੀ ਪ੍ਰੇਮਿਕਾ ਵੱਲ ਦੌੜ ਰਿਹਾ ਸੀ; ਜਿਵੇਂ ਮੈਂ ਕਰਫਿਊ ਲੰਘ ਕੇ ਆਪਣੀ ਪ੍ਰੇਮਿਕਾ ਨੂੰ ਚੁੰਮਣਾ ਹੋਏ. ਮੈਂ ਕੱਚੀ ਮਿੱਟੀ ਉਪਰੋਂ ਬੈਰੀਕੇਡ ਧੂ ਦੇਣਾ ਚਹੁੰਦਾ ਸੀ. ਮੈਂ ਉਥੇ ਸੀ ਵੀ, ਨਹੀਂ ਵੀ. ਰਸਤੇ ਵਿਚ ਮਹਾਂਭਾਰਤ ਲੰਘਣਾ ਸੀ ਨੰਗੇ ਪੈਰੀਂ; ਤੇ ਮੈਂ ਲੋਹੇ ਉਪਰ ਲਗਾਤਾਰ ਦੌੜਿਆ. ਉਸਦਾ ਪਿਆਰ ਮੈਨੂੰ ਇੰਝ ਲੈ ਉੜੇਗਾ ਸੋਚਿਆ ਨਹੀਂ ਸੀ.

ਮੈਂ ਦੇਖਿਆ ਹੈ
ਕ੍ਰਿਸ਼ਨ ਨੂੰ ਅਰਜੁਨ ਦਾ ਧਨੁੱਖ ਧੂਹ ਕੇ ,
ਮਹਾਂਭਾਰਤ ਵਿਚ ਉਤਰਦੇ ਹੋਏ.

ਸ਼ਿਵਦੀਪ
26 ਜਨਵਰੀ, 2021

1.

ਕੀ ਸੱਚਮੁੱਚ ਹੋ ਜਾਏਗਾ
ਇਕ ਰੰਗ ਦੁਨੀਆ ਦਾ
ਸੁਣਨ ਨੂੰ ਚੰਗਾ ਲਗਦਾ ਹੈ, ਵੇਖਣ ਨੂੰ ਦਿੱਲ ਨਹੀਂ ਕਰਦਾ

ਇਕੋ ਜਿਹੇ ਹੋ ਜਾਣਗੇ
ਫੁੱਲ
ਬੂ
ਪਸ਼ੂ
ਪੰਛੀ

ਇਕੋ ਜਿਹੇ ਇਨਸਾਨ, ਮਸ਼ੀਨ
ਦੇਵ ਦਾਨਵ, ਦੇਹ ਅਦੇਹ
ਪਾਗ਼ਲ ਰਾਜਾ, ਪਾਗ਼ਲ ਦਰਬਾਰ
ਇਕ ਰੰਗ ਦੀ ਹੋ ਜਾਏਗੀ ਤਨ, ਮਨ, ਧਨ ਦੀ ਚਾਦਰ

ਇਕੋ ਜਿਹਾ ਸਮੁੰਦਰ, ਪਾਣੀ

ਮਨੁੱਖ ਹਾਲੇ ਇਕ ਭਰਮ ਵਿਚੋਂ ਨਹੀਂ ਨਿਕਲਿਆ ਹੈ
ਦੂਜੇ ਵਿਚ ਕਿਵੇਂ ਉਤਰੇਗਾ

ਕੀ ਸੱਚਮੁੱਚ ਇਕ ਹੋ ਜਾਏਗਾ ਦੁਨੀਆ ਭਰ ਦਾ ਲੋਹਾ
ਸਾਡੀਆਂ ਛਾਤੀਆਂ ਲਈ

ਇਸ ਭੀੜ, ਪੱਥਰ, ਰਉਲੇ ਵਿਚ
ਮੈਂ ਕਿਸ ਭਾਸ਼ਾ ’ਚ ਕਹਾਂਗਾ
ਕਿ ਤੈਨੂੰ ਪਿਆਰ ਕਰਦਾ ਹਾਂ

ਪਿਆਰ-
ਹੁਣ ਸੋਚਣ ਨੂੰ ਚੰਗਾ ਲਗਦਾ ਹੈ, ਬੋਲਣ ਨੂੰ ਦਿੱਲ ਨਹੀਂ ਕਰਦਾ.

2.

ਰਾਜੇ ਨੂੰ ਲਗਦਾ ਹੈ
ਕਿ ਲੋਕ ਪਾਗਲ ਹਨ

ਜਦੋਂ ਰਾਜਾ ਇਸ ਤਰਾਂ ਸੋਚਦਾ ਹੈ
ਤਾਂ ਭੁਲ ਜਾਂਦਾ ਹੈ ਕਿ
ਪਾਗ਼ਲਾਂ ਦਾ ਕੋਈ ਰਾਜਾ ਨਹੀਂ ਹੁੰਦਾ

ਪਾਗਲਾਂ ਵਿਚ ਇਕ ਵੱਡਾ ਪਾਗਲ ਹੁੰਦਾ ਹੈ
ਜੋ ਕੁਲ ਦੁਨੀਂਆਂ ਦੀ ਸਮਝਦਾਰੀ ਦੀ ਨਿਸ਼ਾਨਦੇਹੀ ਕਰਦਿਆਂ
ਉਸਨੂੰ ਨਕਾਰਾ ਕਰ ਦਿੰਦਾ ਹੈ

ਪਵਿਤਰ ਰੱਥ ਵਿਚੋਂ ਘੋੜਾ ਉਤਾਰ ਲੈਂਦਾ ਹੈ.

ਰਾਜਾ ਕਾਗ਼ਜ ਮੰਗਦਾ ਹੈ
ਕਾਗਜ਼ ਬਣਾਉਦਾ ਹੈ
ਉਪਰ ਕਾਲਾ ਅੱਖਰ ਧਰਦਾ ਹੈ
ਤੇ ਪਾਗ਼ਲ ਕਾਗਜ਼ ਦੀ ਕਿਸ਼ਤੀ ਬਣਾ ਕੇ ਮੀਂਹ ਨਾਲ ਤੋਰ ਦਿੰਦਾ ਹਾਂ

ਰਾਜਾ ਹੋਰ ਤਰਾਂ ਦਾ ਪਾਗ਼ਲ ਹੈ
ਪਾਗ਼ਲ ਹੋਰ ਤਰਾਂ ਦਾ.

3.

ਕੌਣ ਬਚਿਆ ਹੈ ਇੰਨਾ ਪਾਗ਼ਲ
ਜੋ ਆਖੇ ਪਾਗ਼ਲ ਰਾਜੇ ਨੂੰ ਪਾਗ਼ਲ

ਮੈਂਨੂੰ ਇਕ ਜੰਗਲੀ ਕੀੜਾ ਦੱਸਦਾ ਹੈ
ਕਿ ਜੰਗਲ ਸਖ਼ਤ ਲੱਕੜ ਵਿਚੋਂ ਵੀ ਆਪਣਾ ਰਾਹ ਬਣਾ ਲੈਂਦਾ ਹੈ

ਠੀਕ ਉਸ ਤਰਾਂ ਜਿਵੇਂ ਇਕ ਕਥਾ ਵਿਚ ਛੋਟਾ ਬਾਲ
ਝੁਕੀ ਹੋਈ ਭੀੜ ਵਿਚੋਂ ਉਂਗਲ ਕਰਕੇ ਕਹਿੰਦਾ ਹੈ ਕਿ,
“ਰਾਜਾ ਨੰਗਾ”

ਪਾਗ਼ਲ ਹੈ ਮੇਰੇ ਘਰ ਦੀ ਲੱਕੜ ਵੀ.

ਠੀਕ ਉਦੋਂ ਜਦੋਂ ਪਿਆਰ
ਇਕ ਬੇਮੌਸਮੀ ਨਮੀਂ ਵਿਚ ਬਦਲ ਜਾਂਦਾ ਹੈ
ਤਾਂ ਅਕਸਰ ਇਸ ਤਾਪਮਾਨ ਉਪਰ ਅੰਨੀ ਆਸਥਾ ਦੁਰਗੰਧ ਮਾਰਨ ਲਗਦੀ ਹੈ

ਇਸ ਨਮੀ ਨੂੰ ਮੈਂ ਆਪਣੀ ਦੇਹ ਵਿਚ ਉਤਾਰ ਲੈਣਾ ਚਹੁੰਦਾ ਹਾਂ

ਜਦੋਂ ਮੈਂ ਕਹਾਂਗਾ ਕਿ ਮੇਰੇ ਪਿੰਡ ਦਾ ਰਾਜਾ ਪਾਗ਼ਲ ਹੈ
ਇਹ ਕਹਿ ਕੇ ਮੈਂ ਉਸਦੀ ਦਰਬਾਰੀ ਲੱਕੜ ਅੰਦਰ
ਇਕ ਕੀੜੇ ਜਿੰਨੀ ਜਗਾਹ ਬਣਾ ਲਵਾਂਗਾ

ਇਹ ਕੀੜਾ ਮੇਰਾ ਵਿਦਰੋਹ ਹੈ
ਤਾਪਮਾਨ ਕੋਈ ਵੀ ਹੋਵੇ
ਇਸ ਜਗਾਹ ਨੂੰ ਕੋਈ ਪਾਗ਼ਲ ਰਾਜਾ ਖੋਹ ਨਹੀਂ ਸਕਦਾ.

4.

ਹੁਣ ਇਸ ਪਾਗ਼ਲ ਰਾਜੇ ਦੇ ਖ਼ਿਲਾਫ
ਮੈਨੂੰ ਆਪਣਾ ਵਿਰੋਧ ਨਹੀਂ ਰੋਕਣਾ ਚਾਹਿਦਾ

ਇਹ ਸੋਚ ਕੇ
ਮੈਂ ਉਸਦੇ ਵਿਰੁਧ ਇਕ ਸਾਜਿਸ਼ ਵਿਚ ਸ਼ਾਮਿਲ ਹੁੰਦਾ ਹਾਂ
ਜਿਸਨੂੰ ਮੈਂ ਆਪਣੇ ਆਪ ਤੋਂ ਚੋਰੀ ਉਸਦੇ ਖਿਲਾਫ਼ ਰਚਿਆ ਹੈ
ਕਿਉਂ ਕਿ ਮੈਂ ਉਸਦੇ ਸਾਹਮਣੇ ਖ਼ੜਾ ਨਹੀਂ ਹੋ ਸਕਦਾ

ਇਸ ਸ਼ਤਰੰਜ ਵਿਚ ਮੇਰੇ ਪਿਆਦੇ
ਰਾਜੇ ਦੇ ਖਿਲਾਫ਼ ਚੱਲ ਪਏ ਹਨ
ਤੇ ਮੈਂ ਆਪਣੇ ਸਭ ਤੋਂ ਕਾਲੇ ਘਰ ਵਿਚ ਘਿਰਿਆ
ਰਾਣੀ ਬਾਰੇ ਸੋਚ ਰਿਹਾ ਹਾਂ

ਕੀ ਜੰਗ ਦੇ ਦਿਨਾਂ ਦੇ ਵਿਚ ਰਾਣੀ ਨੂੰ ਪਿਆਰ ਕੀਤਾ ਜਾ ਸਕਦਾ ਹਾਂ?

ਜੇਕਰ ਇਹ ਸ਼ਤਰੰਜ ਮੇਰੇ ਰਾਜੇ ਦੀ ਹੈ
ਤਾਂ ਇਸ ਚਾਲ ਵਿਚ ਮੈਂ ਕੌਣ ਹਾਂ ਜੋ ਟੇਢਾ ਚਲ ਰਿਹਾ ਹਾਂ?

ਰਾਜੇ ਖਿਲਾਫ ਰਚੀ ਸਾਜਿਸ਼ ਵਿਚ
ਮੈਂ ਦੋਹਾਂ ਘਰਾਂ ਤੋਂ ਬਾਹਰ ਪੈਰ ਰੱਖਣਾ ਹੈ
ਇਕ ਬਿਨਾਂ ਦਰਵਾਜਿਆਂ ਵਾਲੇ ਘਰ ਵਿਚ
ਨਿਰਵਸਤਰ.

ਮੈਂ ਆਪਣੀ ਹਾਰ ਤੋਂ ਮੂੰਹ ਛੁਪਾਉਂਦਾ
ਰਾਜਾ ਹੀ ਹਾਂ
ਜਿਸਨੂੰ ਆਪਣੇ ਹੀ ਦਰਬਾਰ ਵਿਚ ਹਰਾਕੇਰੀ ਦੀ ਰਸਮ ਨਿਭਾਉਣੀ ਪੈਣੀ ਹੈ
ਮੈਂ ਇਕ ਪਿਆਦੇ ਤੋਂ ਚਾਕੂ ਉਧਾਰ ਮੰਗਦਾ ਹਾਂ

ਰਾਜਾ ਨਹੀਂ ਜਾਣਦਾ
ਕਿ ਰਾਜਿਆਂ ਦੀ ਅਦਲਾ ਬਦਲੀ ਵਿਚ ਪਿਆਦਾ ਨਹੀਂ
ਬਲਕਿ ਇਹ ਚਾਕੂ ਸਭ ਤੋਂ ਵਫ਼ਾਦਾਰ ਸ਼ਸ਼ਤਰ ਹੈ

ਮੈਂ ਆਪਣੇ ਰਾਜੇ ਨੂੰ ਇਸ ਚਾਕੂ ਦਾ ਵਰ ਦਿੰਦਾ ਹਾਂ

ਰਾਜਾ,
ਰਾਜ ਭੋਗ ਲਈ ਚਾਲ ਚਲਦਾ ਹੈ
ਪਰਜਾ ਇਸ ਚਾਲ ਵਿਚ ਆਸਥਾ ਰੱਖਦੀ ਹੈ
ਪਰ ਮੈਂ ਇਸ ਚਾਲ ਦੀ ਸੰਗੀਨ ਸਾਜਿਸ਼ ਹਾਂ
ਜਿਸਨੂੰ ਮੈਂ ਆਪਣੇ ਆਪ ਖ਼ਿਲਾਫ਼ ਰਚਿਆ ਹੈ
ਰਾਣੀ ਤੱਕ ਪੁਜਣ ਲਈ.

ਰਾਣੀ, ਜਿਸਨੂੰ ਪਿਆਰ ਕਰਨ ਲਈ ਉਸਦੀ ਜਾਤ ਤਾਂ ਕੀ
ਉਸਦਾ ਨਾਂ ਵੀ ਪੁਛਣਾ ਵੀ ਮੰਨਜੂਰ ਨਹੀਂ ਹੈ.

5.

ਮੇਰੇ ਪਿੰਡ ਦਾ ਰਾਜਾ ਪਾਗਲ ਹੈ

ਉਸਨੂੰ ਲਗਦਾ ਹੈ ਕਿ
ਉਹ ਮੈਨੂੰ ਦੱਸੇਗਾ ਕਿ ਇਸ ਪਿਆਰ ਵਿਚ
ਜਿਹੜੀ ਮੇਰੀ ਪ੍ਰੇਮਿਕਾ ਹੈ
ਉਸਦੇ ਕਾਗਜ਼ ਪੂਰੇ ਨਹੀਂ ਹਨ
ਤੇ ਮੈਂ ਆਪਣੀ ਪ੍ਰੇਮਿਕਾ ਨੂੰ ਰੱਦ ਕਰ ਦੇਂਵਾਗਾ

ਉਸਨੂੰ ਬਿਲਕੁਲ ਵੀ ਅੰਦਾਜਾ ਨਹੀਂ ਹੈ
ਕਿ ਨਾ ਮੈਂ ਇਸ ਪਿੰਡ ਦਾ ਬਾਸ਼ਿੰਦਾ ਹਾਂ, ਨਾ ਉਹ ਮੇਰਾ ਰਾਜਾ ਹੈ
ਨਾ ਇਹ ਕਾਗ਼ਜੀ ਸਲਤਨਤ ਦਾ ਵਿਚ ਹਾਮੀ ਹੈ

ਫਿਰ ਕਿਉਂ ਨਾ ਚਾਹੇ ਉਸਦੇ ਰਜਿਸਟਰ ਵਿਚ ਮੇਰਾ ਨਾਂ
ਪਰਜਾ ਹੇਠ ਦਰਜ ਹੋਏ

ਕੋਈ ਬੰਦਾ ਇਸ ਰਾਜੇ ਨੂੰ ਦੱਸੇ
ਕਿ ਪਿਆਰ ਵਿਚ ਤਾਰੇ ਤੋੜਨ ਦੀ ਗੱਲ ਹੁੰਦੀ ਹੈ
ਤੇ ਰਾਜਾ ਵਿਚਾਰਾ ਪਿੰਡ ਦੇ ਪੇਪਰ ਪੂਰੇ ਕਰ ਰਿਹੈ.

6.

ਮੇਰੇ ਪਿੰਡ ਦਾ ਰਾਜਾ ਪਾਗਲ ਹੈ
ਜਦੋਂ ਇਹ ਗੱਲ ਮੈਂ ਆਪਣੇ ਦੋਸਤ ਨੂੰ ਦੱਸਦਾ ਹਾਂ

ਤਾਂ ਉਹ ਮੇਰੇ ਤੋਂ ਵੀ ਉੱਚੀ ਹੱਸਦਾ ਹੈ
ਮੇਰੇ ਤੋਂ ਵੀ ਹੌਲੀ ਰੋਂਦਾ ਹੈ
ਮੇਰੇ ਤੋਂ ਵੀ ਜਿਆਦਾ ਡਰਦਾ ਹੈ

ਅਕਸਰ ਮੈਨੂੰ ਲਗਦਾ ਹੈ
ਕਿ ਮੇਰੇ ਦੋਸਤ ਦਾ ਪਿੰਡ ਚਾਹੇ ਕੋਈ ਹੋਰ ਹੈ
ਪਰ ਰਾਜਾ ਉਸ ਦਾ ਵੀ ਪਾਗਲ ਹੈ.

ਵਿਚਾਰ ਨੂੰ ਵਿਚਾਰ ਮਾਰਦਾ ਹੈ
ਦੇਹ ਨੂੰ ਦੇਹ

ਯਾਦ ਰੱਖਣਾ
ਰਾਜਾ ਇਕ ਦਰਬਾਰੀ ਵਿਚਾਰ ਹੈ
ਦੇਹ ਨਹੀਂ

7.

ਪਾਗਲ ਰਾਜਾ
ਦੇ ਰਿਹਾ ਬੰਦੂਕ ਗੁਲਾਬੀ ਹੱਥਾਂ ਵਿਚ

ਨੀਲ ਹੱਥਾਂ ਤੋਂ ਹੁੰਦੇ ਹੋਏ
ਜਖ਼ਮ ਬਣੇਗੀ ਰੂਹ ਦਾ.

ਮੈਂ ਇਕ ਨੀਲੀ ਰੂਹ ਹਾਂ
ਜਿਸਨੇ ਮੰਥਨ ਦੀ ਨਹੀਂ
ਸਗੋਂ ਨੀਲੀ ਸਿਆਹੀ ਦੀ
ਨੀਲੱਤਣ ਚੱਟੀ ਸੀ ਆਪਣੀ ਗੁੜਤੀ ਵਿਚ

ਮੈਂ ਰਾਜੇ ਨੂੰ ਪੁਛਣਾ ਹੈ
ਕਿ ਹਿੰਸਾਂ ਦਾ ਇਹ ਨਿਵਾਲਾ
ਜੋ ਉਹ ਦਿੰਦਾ ਹੈ ਮੇਰੇ ਕੁੱਲ ਗੁਰੂ ਦੇ ਹੱਥਾਂ ਉਪਰ
ਇਹ ਉਸਦੇ ਮੇਜ਼ ਉਪਰ ਸਜੇ
ਪਕਵਾਨਾਂ ਨਾਲ ਮੇਲ ਕਿਉਂ ਨਹੀਂ ਖ਼ਾਂਦਾ

ਉਸਦੀ ਭੁਖ ਲਈ ਪਕਵਾਨ
ਤੇ ਮੇਰੀ ਭੁੱਖ ਲਈ ਇਹ ਲੋਹਾ ਕਿਉਂ ਹੈ


8.

ਮੈਂ ਰਾਜੇ ਦੀ ਸ਼ਾਹੀ ਪੋਸ਼ਾਕ ਵਿਚ
ਇਕ ਬੁਣਤੀ ਬੁਣਨੀ ਹੈ

ਜਿਸਨੂੰ ਦੇਖ ਕੇ
ਇਸ ਕਥਾ ਵਿਚਲਾ ਜੁਆਕ ਬੋਲੇਗਾ
‘ਰਾਜਾ ਨੰਗਾ’

ਇਹ ਕੇਹਾ ਸ਼ਸ਼ਤਰ ਛੁਪਾਇਆ ਹੈ
ਰਾਜੇ ਨੇ ਮਿਆਨ ਅੰਦਰ

ਇਹ ਕੇਹੀ ਸ਼ਕਤੀ
ਜਾਂ ਅੰਧ ਭਗਤੀ ਹੈ
ਕਿ ਰਾਜਾ ਨੰਗਾ ਨਹੀਂ ਦਿਖਾਈ ਦਿੰਦਾ
ਭਗਤਾਂ ਨੂੰ

ਕੌਣ ਹੈ ਇਹ ਜੁਆਕ
ਜੋ ਲਗਾਤਾਰ ਚੀਰ ਰਿਹਾ ਹੈ
ਸੱਤਾ ਦਾ ਭਰਮ
ਸ਼ਰੇਆਮ ਉਂਗਲ ਚੁੱਕਦਾ ਹੈ ਰਾਜੇ ‘ਤੇ
ਤੇ ਨੰਗਾ ਰਾਜਾ ਹੋਰ ਨੰਗਾ ਹੋ ਜਾਂਦਾ ਹੈ.


9.

ਮੇਰੇ ਪਿੰਡ ਦਾ ਰਾਜਾ ਪਾਗ਼ਲ ਹੈ

ਕੀ ਐਨਾ ਕਹਿਣਾ
ਸ਼ੁਰੂਆਤ ਨਹੀਂ ਹੈ
ਪਿੰਡ ਨੂੰ ਬਚਾਉਣ ਲਈ ?


10.

ਰਾਜੇ ਨੂੰ ਲਗਦਾ ਸੀ
ਕਿ ਉਹ ਇਕ ਦੀਵਾਰ ਬਣਾਏਗਾ
ਤੇ ਲੋਗ ਇਸ ਦੀਵਾਰ ਉਪਰ
ਖੂਨ ਦੇ ਤਿਲਕ ਲਗਾਉਣਗੇ

ਕੱਚ ਉੱਗ ਆਏਗਾ ਦੀਵਾਰ ਉਪਰ
ਲੋਹਾ ਹੱਥਾ ’ਤੇ

ਉਲਟ ਹੋਇਆ
ਲੋਗਾਂ ਨੇ ਬਣਾ ਲਏ ਨਿੱਕੇ-ਨਿੱਕੇ ਆਲੇ, ਆਸ ਰੱਖੀ
ਸਜਾਉਣ ਲੱਗੇ ਦੀਵਾਰ ਉਪਰ ਦੀਵੇ
ਬੱਚੇ ਖੇਲਣ ਲੱਗੇ ਦੀਵਾਰ ਤੋਂ ਆਰਪਾਰ

ਸੂਰਜ ਦੀ ਗੇਂਦ ਕਦੇ ਇਧਰ ਕਦੇ ਉਧਰ

ਇਕ ਮਾਈ ਬੁਢੜੀ ਨੇ ਬੰਬ ਦੇ ਖੋਲ ਵਿਚ
ਨੀਲਾ ਫੁੱਲ ਉਗਾ ਦਿਤਾ

ਰਾਜੇ ਨੂੰ ਲਗਦਾ ਸੀ ਕਿ ਉਹ ਫੁੱਲ ਨੂੰ ਪੱਥਰ ਕਰ ਦਏਗਾ

ਪਰ ਦੀਵਾਰ ਦੀ ਸਖ਼ਤ ਨੁੱਕਰ ਉਪਰ
ਇਕ ਸਿਰਫਿਰੇ ਨੇ ਕੱਢ ਕੇ ਰੱਖ ਦਿਤੀ ਨਾਜ਼ੁਕ ਧੜਕਨ
ਦੀਵਾਰ ਸਾਂਝੇ ਅੱਡੇ ਵਿਚ ਬਦਲ ਗਈ
ਵੀਰਾਨੀ, ਮੇਲੇ ਵਿਚ; ਲੋਗ ਦੀਵਾਰ ਤੋਂ ਨਹੀਂ ਡਰੇ
ਰਾਜਾ ਦਿੱਲ ਤੋਂ ਡਰ ਗਿਆ

11.

ਰਾਜੇ ਨੂੰ ਲਗਦਾ ਸੀ
ਕਿ ਇਕ ਦੀਵਾਰ ਬਣਾਏਗਾ
ਤੇ ਉਸਦੇ ਪਾਰ ਢੱਕ ਲਵੇਗਾ ਸਭ ਕੁੱਝ

ਕੰਧ ਉਹਲੇ ਪਰਦੇਸ

ਮਹਿਲ ਦੇ ਪਰਛਾਂਵੇ ਵਿਚ ਦਿਸੇਗਾ ਸਭ ਕੁਝ ਮਹਿਲ ਵਰਗਾ

ਦੀਵਾਰ ਕਿੰਨੀ ਵੀ ਉਚੀ ਹੋਏ
ਸੱਚ ਤੋਂ ਉਪਰ ਨਹੀਂ ਹੁੰਦੀ
ਬੈਰੀਕੇਡ ਕਿੰਨਾ ਵੀ ਮਜ਼ਬੂਤ ਹੋਵੇ
ਅਵਾਜ਼ ਤੋਂ ਵੱਧ ਨਹੀਂ

ਰਾਜਾ ਨਹੀਂ ਜਾਣਦਾ
ਕਿ ਜੋ ਦੀਵਾਰ ਬਣਾਈ ਜਾਂਦੀ ਹੈ
ਸੱਚ ਲੁਕਾਣ ਲਈ
ਉਹ ਐਨੀ ਖੋਖਲੀ ਹੁੰਦੀ ਐ ਕਿ ਦਿਖਾਈ ਦਿੰਦਾ ਹੈ ਉਸਦੇ ਆਰ-ਪਾਰ

ਰਾਜੇ ਨੂੰ ਲਗਦਾ ਸੀ
ਕਿ ਉਹ ਦੀਵਾਰ ਬਣਾਏਗਾ
ਤੇ ਆਪਣਾ ਨੰਗ ਢੱਕ ਲਏਗਾ.

12.

ਜਦੋਂ ਮੈਂ ਆਪਣੀ ਪ੍ਰੇਮਿਕਾ ਵੱਲ ਵੱਧਦਾ ਹਾਂ
ਉਹ ਮੈਂਥੋਂ ਦੁਗਣੇ ਉਲਾਸ ਨਾਲ ਮੇਰੇ ਵੱਲ ਦੌੜਦੀ ਹੈ

ਮੈਨੂੰ ਚੰਗਾ ਲਗਦਾ ਹੈ.

ਪਰ ਇਸਦਾ ਮਤਲਬ ਇਹ ਨਹੀਂ
ਜੋ ਚੀਜਾਂ ਇਕ ਦੂਜੇ ਵੱਲ ਨੂੰ ਵਧਦੀਆਂ ਹੋਣ
ਉਹ ਅਕਸਰ ਖੂਬਸੂਰਤ ਮੋੜ ਉਪਰ ਮਿਲਦੀਆਂ ਹਨ

ਕਈ ਵਾਰ ਹੋਛਾ ਜ਼ਿੱਦੀ ਰਾਜਾ
ਇਕ ਫੁਰਮਾਨ ਦਏਗਾ
ਕਿ ਉਹ ਪਿਛੇ ਨਹੀਂ ਹਟੇਗਾ

ਤਾਂ ਪਰਜਾ ਅੱਗੇ ਵਧਦੀ ਹੈ
ਰਾਜਾ ਉਸਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ
ਤਲਵਾਰ ਫੜਕੇ, ਤ੍ਰਿਸ਼ੂਲ ਫੜਕੇ
ਬੰਦੂਕ ਫੜਕੇ, ਲੋਹ ਗੱਡ ਕੇ
ਆਪਣੀ ਤਾਨਾਸ਼ਾਹੀ ਤਿੱਖੀ ਕਰਕੇ

ਰੋਕਦਾ ਹੈ
ਨਿਕੀਆਂ-ਨਿਕੀਆਂ ਜ਼ਰੂਰਤਾਂ ਨੂੰ ਤਾਲੇ ਲਗਾ ਕੇ

ਤਾਂ ਸਮਝ ਲੈਣਾ ਚਾਹਿਦਾ ਹੈ
ਕਿ ਰਾਜਾ ਜਾਣਦਾ ਹੈ ਪਰਜਾ ਉਸਦੀ ਪ੍ਰੇਮਿਕਾ ਨਹੀਂ ਹੈ
ਤੇ ਪਰਜਾ ਉਸ ਵੱਲ ਨਹੀਂ
ਉਸਦੇ ਦਰਬਾਰ ਵੱਲ ਵਧ ਰਹੀ ਹੈ
ਦਰਬਾਰ ਖਤਮ ਕਰਨ ਲਈ

ਪ੍ਰੇਮਿਕਾ ਹੋਰ ਤਰਾਂ ਅੱਗੇ ਆਉਂਦੀ ਹੈ
ਵਿਦਰੋਹ ਹੋਰ ਤਰਾਂ. 


13.

ਰਾਜਾ ਪਾਗਲ ਹੈ

ਜੇ ਪਰਜਾ ਨੂੰ ਕਾਗਜ਼ ਦੀ ਥਾਂ
ਦਿਲ ਵਿਚ ਰੱਖਦਾ
ਪਾਗਲ ਨਾ ਹੁੰਦਾ

ਮੈਂ ਰਾਜੇ ਨੂੰ ਪਿਆਰ ਲਿਖਦਾ
ਆਪਣਾ ਨਾਮ ਪਤਾ
ਘਰ ਆਉਣ ਦਾ ਨਿਮੰਤਰਣ ਵੀ

ਪਰ ਰਾਜਾ ਪਾਗ਼ਲ ਸੀ

ਨਾ ਉਹ ਮੈਥੋਂ ਕਾਗਜ਼ ਨਾ ਲੈ ਪਾਇਆ
ਨਾ ਮੈਂ ਉਸ ਨੂੰ ਪਿਆਰ ਲਿਖ ਪਾਇਆ.

14.

ਮੈਂ ਕਦੇ ਨਹੀਂ ਚਾਹਿਆ ਸੀ
ਕਿ ਤੀਰ ਵਾਂਗ ਨਿਕਲਾਂ ਆਪਣੀ ਦੇਹ ਵਿਚੋਂ

ਕੌਣ ਹੁੰਦਾ ਹੈ ਐਨਾ ਨੁਕੀਲਾ

ਪਰ ਦਰਬਾਰ ਹੋਰ ਤਰਾਂ ਦਾ ਸੀ

ਦਰਬਾਰ ਸਖਤ ਹੁੰਦਾ ਗਿਆ
ਤੇ ਮੈਂ ਨੁਕੀਲਾ

ਜਦੋਂ ਮੈਂ ਆਪਣੀ ਨਦੀ ਦੇ ਕਿਨਾਰੇ
ਪਾਣੀ ਲਈ ਤੜਪਿਆ,
ਤਾਂ ਦਰਬਾਰ ਮੇਰੇ ਲਈ ਮੱਛੀ ਦੀ ਅੱਖ ਬਣ ਗਿਆ

ਰਾਜੇ ਦਾ ਕੋਈ ਕਸੂਰ ਨਹੀਂ ਸੀ
ਪਰ ਉਹ ਉਸ ਦਰਬਾਰੀ ਚੱਕਰਵਿਊ ਦੀ ਪਹਿਲੀ ਕੜੀ ਸੀ
ਜਿਸਤੇ ਮੈਂ ਇਕ ਸੰਗੀਨ ਸੱਟ ਵਾਂਗ ਵੱਜਣਾ ਸ
ਰਾਜਾ ਵਿਚਾਰਾ ਕਠਪੁਤਲੀ ਸੀ
ਕਠਪੁਤਲੀ ਵਿਚਾਰੀ ਕੀ ਕਰੇ

15.

ਮੈਂ ਆਪਣੇ ਕੁਲ ਦੇਵਤਾ ਨੂੰ
ਕਦੇ ਨਹੀਂ ਮਿਲਿਆ
ਨਾ ਧਾਰਮਿਕ ਰਿਹਾ ਹਾਂ ਕਦੇ
ਨਾ ਹੀ ਮੈਂਨੂੰ ਪੱਥਰ ਵਿਚੋਂ ਰੱਬ ਮਿਲਿਆ ਹੈ

ਪਰ ਪੱਥਰ ਜੋ ਉਸਦੇ
ਹੱਥ ਵਿਚੋਂ ਨਿਕਲ ਕੇ
ਪਹਾੜ ਬਣਦਾ ਹੈ ਤਾਂ ਕਿ ਦਿਲ ਬਚਿਆ ਰਹੇ
ਉਹ ਮੇਰੇ ਲਈ ਕਿਸੇ ਚਮਤਕਾਰ ਤੋਂ ਘੱਟ ਨਹੀਂ

ਪਤਾ ਨਹੀਂ ਕਿਉਂ
ਜਿਹੜੇ ਚਮਤਕਾਰ ਮੈਂਨੂੰ ਹੈਰਾਨ ਕਰਦੇ ਹਨ
ਮੇਰੇ ਕੁੱਲ ਮੰਤਰਾਂ ਵਿਚ ਪਾਪ ਹਨ
ਰਾਜੇ ਦੇ ਪੇਪਰਾਂ ਵਿਚ ਦੇਸ਼ਦ੍ਰੋਹ

ਉਹ ਨਹੀਂ ਜਾਣਦਾ
ਕਿ ਇਹਨਾਂ ਚਮਤਕਾਰਾਂ ਦੀ ਪਿੱਠ-ਭੂਮੀ ਹੋਰ ਹੈ.

ਮੁਆਫ਼ ਕਰਨਾ
ਮੈਂ ਇਹ ਪਾਪ ਕਰਨਾ ਹੈ,
ਮੈਂ ਇਸ ਸੋ ਕਾੱਲਡ ਈਸ਼ਵਰ ਨੂੰ ਫੁੱਲ ਦੀ ਜਗਾਹ ਪੱਥਰ ਮਾਰਨਾ
ਤਾਂ ਕਿ ਦਿੱਲ ਬਚਿਆ ਰਹੇ.

16.

ਕਿਉ ਕੋਈ ਨਹੀਂ ਕਹਿੰਦਾ ਹੈ
‘ਰਾਜਾ ਪੁਤ’ ਹੁਣ ਆਪਣੇ ਪੁੱਤ ਨੂੰ ?

ਪੁਛਦਾਂ ਹਾਂ ਰਾਜੇ ਨੂੰ ਇਹ ਸੁਆਲ
ਤਾਂ ਉਹ ਨਿਗਾਹ ਨਹੀਂ ਮਿਲਾ ਪਾਉਂਦਾ ਮੇਰੇ ਨਾਲ

ਕੀ ਘਟ ਰਿਹਾ ਹੈ
ਆਖ਼ਿਰ ਇਸ ਤਾਕਤਵਰ ਰਾਜੇ ਵਿਚੋਂ
ਜੋ ਉਸਨੂੰ ਮੇਰੇ ਸੁਆਲ ਦੇ ਹਾਣ ਦਾ ਨਹੀਂ ਹੋਣ ਦਿੰਦਾ

ਰਾਜਾ ਹੋਣ ਦਾ ਸੁਫ਼ਨਾ
ਇਕ ਕਾਲੀ ਦਾਸਤਾਨ ਵਿਚ ਬਦਲ ਰਿਹਾ ਹੈ

ਇਹ ਬੌਣਾ ਰਾਜਾ
ਕਿੰਨਾ ਕ ਸਮਾਂ ਬਚਿਆ ਰਹੇਗਾ
ਇਕ ਪਿਤਾ ਕੋਲੋਂ
ਇਕ ਮਾਂ


17

ਤੇ ਜਲ਼ਾ ਦਿੱਤਾ ਗਿਆ ਉਸਨੂੰ

ਸਖਤ ਹੋ ਰਿਹਾ ਹੈ ਦਿੱਲ

ਪਤਾ ਸੀ ਉਸਦਾ ਰੰਗ, ਨਸਲ, ਧਰਮ
ਕੱਪੜੇ ਦੇ ਇੰਚ
ਚਮੜੀ ਦੀ ਟਾਂਕੇ

ਉਸਦੇ ਪੂਰਵਜ਼ਾਂ ਨੇ ਲਗਾਈ ਸੀ  
ਉਸਦੇ ਸਭ ਤੋਂ ਚਮਕਦੇ ਖਿਆਲ ਉਪਰ ਗੰਢ
ਪਤਾ ਸੀ

ਨਹੀਂ ਪਤਾ ਸੀ ਤਾਂ ਏਨਾ
ਕਿ ਉਸਦੇ ਅੰਦਰ ਤੈਰ ਰਹੀ ਪਾਣੀ ਦੀ ਇਕ ਨਿੱਕੀ ਜਹੀ ਬੂੰਦ
ਜੋ ਹੌਲ਼ੀ-ਹੌਲ਼ੀ ਸਖ਼ਤ ਹੋ ਰਹੀ ਹੈ
ਉਸਦਾ ਕੋਈ ਧਰਮ, ਫਾਰਮੂਲਾ, ਫ਼ੈਲਸੂਫ਼ੀ ਨਹੀਂ

ਪਤਾ ਨਹੀਂ ਕੇਹਾ ਗਣਿਤ ਕਿ ਸਾਇੰਸ ਸੀ
ਕਿ ਸੀ ਕੋਈ ਧਰਮ ਉਪਦੇਸ਼
ਜਲ਼ਾ ਦਿੱਤਾ ਗਿਆ ਜਲ ਵੀ.

ਮੈਂਨੂੰ ਯਾਦ ਆਉਂਦੀ ਹੈ,
ਪਾਣੀ ਨੂੰ ਪਾਣੀ ਨਾਲ ਬੁਝਾਉਣ ਲਈ ਤੜਪਦੀ
ਬਲ ਰਹੇ ਹੱਥਾਂ ਨਾਲ ਢਿੱਡ ਘੁੱਟਦੀ
ਮਰ ਰਹੀ ਕੁੜੀ.

ਮੈਂ ਕਦੇ ਕਦੇ ਸੋਚਦਾ ਹਾਂ
ਕਿ ਕੀ ਗੋਲੀ ਦੀ ਅਵਾਜ਼ ਨਾਲ ਦਿੱਲ ਟੁੱਟ ਸਕਦਾ ਹੈ?


18

ਕਿਉਂ ਨਹੀਂ ਮਿਲਦਾ ਹੈ
ਇਸ ਰਾਜੇ ਦਾ ਚਹਿਰਾ
ਉਸ ਰਾਜੇ ਦੇ ਨਾਲ
ਜੋ ਮੇਰੀ ਦਾਦੀ ਦੀਆਂ ਕਥਾ-ਕਹਾਣੀਆਂ ਵਿਚ ਆਉਂਦਾ ਸੀ

ਮੈਂ, ਰਾਜਾ ਅਤੇ ਬਚਪਨ
ਨਾਲ ਨਾਲ ਵੱਡੇ ਹੋਏ ਹਾਂ
ਲੱਕੜੀ ਦੀਆਂ ਡੰਡੀਆਂ ਨੂੰ ਤਲਵਾਰਾਂ ਬਣਾ ਕੇ
ਨਿੱਕੇ ਨਿੱਕੇ ਯੁੱਧ ਲੜਦੇ
ਨਿੱਕੇ ਨਿੱਕੇ ਕਿਲੇ ਸਰ ਕਰਦ
ਸਰੋਂ ਦੇ ਖੇਤਾਂ ਵਿਚ
ਤਿਤਲੀਆਂ ਮਗਰ ਭੱਜਦੇ.

ਸੁਣੀਆਂ ਤੇ ਹੋਣਗੀਆਂ ਇਸਨੇ ਵੀ ਉਹੀ ਕਥਾ ਕਹਾਣੀਆਂ
ਫਿਰ ਕਿਵੇਂ ਬਦਲ ਗਿਆ ਇਹ ਰਾਜਾ

ਕੀ ਐਨਾ ਪਾਗ਼ਲ ਕਰ ਦਿੰਦਾ ਹੈ ਰਾਜ-ਭਾਗ ਬੰਦੇ ਨੂੰ

ਕਦੇ ਇਸਦੀ ਰੱਥ-ਯਾਤਰਾ ਵਿਚ
ਨੂੜ ਕੇ ਬਿਠਾਈ ਜਾਂਦੀ ਹੈ ਜੈ ਜੈ ਕਾਰ, ਹਾਹਾਕਾਰ
ਕਦੇ ਇਸਦਾ ਘੋੜਾ
ਗਰੀਬ ਕਿਸਾਨ ਦੇ ਖੇਤ ਵਿਚ ਉਤਰ ਜਾਂਦਾ ਹੈ
ਕਦੇ ਦਰਬਾਰੀ ਸੁਸਰੀ ਲੱਗ ਜਾਂਦੀ ਹੈ
ਬੀਜ਼ ਨੂੰ

ਸਾਡੇ ਸੁਫ਼ਨਿਆਂ ਨੂੰ ਵਾਰ ਵਾਰ ਚੱਟਣਾ ਪੈਂਦਾ ਹੈ ਲੋਹਾ
ਬਾਰੂਦ ਭਰ ਦਿਤਾ ਜਾਂਦਾ ਹੈ
ਸਾਡੀਆਂ ਸੁਰਮੇਦਾਨੀਆਂ ਵਿਚ

ਇਹ ਕਿਸ ਤਰਾਂ ਦਾ ਯੁੱਗ ਹੈ
ਇਹ ਕਿਸ ਤਰਾਂ ਦੀ ਅੱਗ ਹੈ
ਕਿ ਲਾਹ ਲਿਆ ਜਾਂਦਾ ਹੈ ਰੰਗ ਕੱਚੀ ਪੱਕੀ ਫ਼ਸਲ ਤੋਂ.

ਐਨਾ ਵੱਡਾ ਹੋ ਗਿਆ ਹੈ ਰਾਜਾ
ਕਿ ਆਪਣੇ ਸੋਹਲੇ ਆਪ ਗਾਉਂਦਾ
ਸਾਡੀਆਂ ਕਥਾ-ਕਹਾਣੀਆਂ ਉਪਰ ਸੈਂਸਰ ਬਿਠਾ ਦਏਗਾ
ਕਰਕੇ ਦਾਹੜੀ ਦੀ ਨਕਲ
ਆਪਣੇ ਆਪ ਨੂੰ ਨਾਇਕ ਦੱਸੇਗਾ? ਡਰਾਮਾ ਕਰੇਗਾ.

ਨਹੀਂ, ਬਿਲਕੁਲ ਨਹੀਂ

ਕੋਈ ਇਸ ਪਾਗ਼ਲ ਰਾਜੇ ਨੂੰ ਦੱਸੇ
ਕਿ ਨਾਇਕ ਇਸ ਤਰਾਂ ਨਹੀਂ ਬਣਦੇ
ਰਾਜੇ ਨੇ ਤਾਂ ਲੋਹਾ ਉਗਾਇਆ ਹੈ
ਅਸੀਂ ਲੋਹਾ ਖਾਧਾ ਹੈ
ਪਚਾਇਆ ਹੈ

ਤੇ ਅੱਗ ਨਾਲ ਖ਼ਬਰ ਤਾਂ ਜਲਾਈ ਜਾ ਸਕਦੀ ਹੈ
ਸਾਡੀ ਕਥਾ ਨਹੀਂ.

19

ਖੜ੍ਹਕਾਉਣਾ ਚਾਹਿਆ ਸੀ
ਦਰਵਾਜਾ ਸੜੇ ਹੋਏ ਦੁੱਧ ਦਾ ਬਣਿਆ ਸੀ ਜੋ

ਉਸਦੇ ਲਹੂ ਵਿਚ
ਘੁਲ਼ ਚੁਕੇ ਸਨ ਦਵਾਈਆਂ, ਟੀਕੇ
ਐਨਾ ਕੋੜ੍ਹਾ ਹੋ ਗਿਆ ਦੁੱਧ
ਕਿ ਬੱਚੇ ਨੇ ਮੂੰਹ ਫੇਰ ਲਿਆ ਉਸਦੀਆਂ ਛਾਤੀਆਂ ਤੋਂ

ਇਸ ਤਰਾਂ ਕਿਉਂ ਹੋ ਜਾਂਦਾ ਹੈ ਆਦਮੀ

ਹੌਲੀ ਹੌਲੀ ਐਨਾ ਫਿਰ ਗਿਆ
ਕਿ ਸਾਰੀ ਉਮਰ ਹੀ ਆਪਣੀ ਮਾਂ ਦੇ ਮੂੰਹ ਨਹੀਂ ਲੱਗਿਆ
ਉਹ ਝੂਰਦੀ ਰਹੀ

ਸੁੱਕ ਗਿਆ ਦੁੱਧ ਨਾ ਤੇ ਕਵਿਤਾ ’ਚ ਆਉਂਦਾ ਹੈ ਨਾ ਅੱਖ ਵਿਚ

ਬੱਚਾ ਉਸਦੀਆਂ ਛਾਤੀਆਂ ਤੋਂ ਫਿਰ ਬਿਸਤਰ ਤੋਂ ਫਿਰ ਘਰ ਤੋਂ
ਚਲਾ ਗਿਆ ਹੌਲ਼ੀ ਹੌਲ਼ੀ ਜ਼ਿੰਦਗੀ ਤੋਂ ਬਾਹਰ

ਚਲੀ ਗਈ ਹੈ ਮਾਂ ਵੀ ਇਕ ਦਿਨ

ਜਦੋਂ ਤੱਕ ਸਮਝ ਆਇਆ ਮਿੱਠਾ ਹੁੰਦਾ ਹੈ ਦੁੱਧ/ਦੁਆ
ਬੱਚਾ ਪਰਤਿਆ ਸੜ ਚੁਕੀਆਂ ਛਾਤੀਆਂ ਵੱਲ

ਅੱਜ ਵੀ ਖੜਕਾਉਂਦਾ ਹੈ ਦਰਵਾਜਾ
ਸੁਕ ਗਏ ਲਹੂ ਦੇ ਨਾਲ ਬਣਿਆ ਹੈ ਜੋ.


20

ਰਾਜਾ
ਇਕ ਹੋਰ ਰਾਜੇ ਨੂੰ ਆਮੰਤਰਣ ਦਿੰਦਾ ਹੈ

ਮੇਰੇ ਗਲ ਸਰਕਸ ਪੈ ਜਾਂਦੀ ਹੈ

ਮੈਂ ਆਪਣੀ ਮਰਜ਼ੀ ਦੀ ਖ਼ਿਲਾਫ਼ ਤਿਆਰ ਹੁੰਦਾ ਹਾਂ
ਪਾਲਤੂ ਕੁਤੇ ਨੂੰ ਸ਼ੇਰ ਬਣਾਉਂਦਾ ਹਾਂ
ਰੱਸੀ ਉਪਰ ਤੁਰਨ ਲਈ ਦੌੜ ਪੈਂਦਾ ਹਾਂ

ਮੈਨੂੰ ਰੱਸੀ ਨੇ ਨਹੀਂ
ਰੋਟੀ ਨੇ ਮਾਰਿਆ ਹੈ

ਜਦੋਂ ਰਾਜੇ ਦਾ ਤਾਕਤਵਰ ਦੋਸਤ
ਤਾੜੀ ਵਜਾਉਂਦਾ ਹੈ
ਮੈਂ ਹੋਰ ਡਰ ਜਾਂਦਾ ਹਾਂ

ਇਹ ਧੌਂਸ
ਮੇਰੇ ਸ਼ੇਰ ਦੇ ਪੁਤਰ ਨੂੰ ਵੀ
ਮੇਰੇ ਪੁਤਰ ਦੇ ਨਾਲ ਖੜਾ ਕਰ ਦਏਗੀ.

ਇਹ ਸਰਕਸ ਖਤਮ ਹੋਵੇਗੀ
ਜਦੋਂ ਪਾਗ਼ਲ ਰਾਜੇ ਨੂੰ
ਉਸਦੇ ਦੋਸਤ ਸਾਹਮਣੇ ਜੋਕਰ ਦੀ ਪੌਸ਼ਾਕ ਪਹਿਨਣ ਲਈ
ਆਮੰਤਰਣ ਦੇਵਾਂਗਾ.

ਪਰ
ਕਦੋਂ ਦੇਵਾਂਗਾ ਇਹ ਆਮੰਤਰਣ ਮੈਂ?


21

ਸਿਰਫ਼ ਇਸ ਲਈ
ਕਿ ਇਕ ਦਿਨ ਇਕ ਪਾਗ਼ਲ ਰਾਜਾ
ਆਪਣੇ ਰਾਜ-ਭਾਗ ਕਰਕੇ
ਰੰਗ, ਨਸਲ, ਬਣਤਰ, ਝੰਡੇ ਦੇ ਮੋਢੇ ਉਪਰ
ਬੰਦੂਕ ਰੱਖੇਗਾ

ਕਹੇਗਾ ਨੱਕ, ਕੰਨ, ਅੱਖਾਂ, ਲਿੰਗ ਹੋਰ
ਤੇ ਵੰਗਾਰੇਗਾ ਮੇਰੇ ਪੂਰਵਜਾਂ ਨੂੰ

ਤੇ ਅਸੀਂ ਮਹਿਜ ਇਕ ਕਲਪਿਤ ਸ਼ਰਾਪ ਤੋਂ ਬਚਣ ਖਾਤਿਰ
ਇਕ ਸਰੀਰ ਲੱਭਾਂਗੇ
ਤੇ ਉਸ ਸਰੀਰ ਨੂੰ
ਰਾਜੇ ਦੇ ਨਿਸ਼ਾਨੇ ਉਪਰ ਟੰਗ ਆਵਾਂਗੇ

ਆ ਕੇ ਜੀਣ ਦਾ ਢੋਂਗ ਕਰਾਂਗੇ
ਬੱਚਿਆਂ ਨੂੰ ਕਹਾਂਗੇ ਸਭ ਠੀਕ ਹੈ

ਕਹਾਂਗੇ ਕਿ ਖੁਸ਼ ਹੈ
ਪੂਰਵਜ ਜਾਂ ਮੜ੍ਹੀ ਪੁਰਾਣੀ
ਤੇ ਮਰ ਜਾਂਵਾਗੇ ਆਪਣੇ ਝੂਠ ਉਪਰ ਪਰਦਾ ਪਾਉਂਦੇ ਹੋਏ

ਸਾਨੂੰ ਸਮਝ ਲੈਣਾ ਚਾਹਿਦਾ ਬੰਦੂਕ ਉਹੀ ਰਹੇਗੀ
ਪੂਰਵਜ ਉਹੀ ਰਹੇਗਾ
ਬਸ ਮੋਢਾ ਬਦਲ ਜਾਏਗਾ

ਤੇ ਇਕ ਦਿਨ ਸਾਨੂੰ ਸਮਝ ਆਏਗਾ
ਕਿ ਜੀਣਾ
ਸਿਰਫ਼ ਬਚਣਾ ਨਹੀਂ ਹੁੰਦਾ.

22

ਮਾਂ
ਚੰਦ ਨੂੰ ਮਾਮਾ ਦੱਸਦੀ ਸੀ
ਉੜਦੇ ਪੂੰਬੇ ਨੂੰ
ਬੁੱਢੀ ਮਾਈ

ਧਰਤੀ ਦੇ ਕਿਸੇ ਵੀ ਹਿਸੇ ਵਿਚ
ਹੱਸਦੀ ਹੋਏ ਮਾਈ ਬੁਢੀ
ਮਾਂ ਲਗਦੀ ਹੈ
ਦਾਦੀ ਲਗਦੀ ਹੈ

ਤੇ ਉਸਦੇ ਨਾਲ ਖੜਨ ਲਈ
ਇਵੇਂ ਹੀ ਚੜਦਾ-ਉਤਰਦਾ ਹੋਏਗਾ ਚੰਦ
ਪੁਤ ਇਵੇਂ ਹੀ ਜੰਮਦਾ ਹੋਏਗਾ
ਧੀ ਇਵੇਂ ਹੀ ਅਵਤਾਰ ਲੈਂਦੀ ਹੋਏਗੀ

ਇਸ ਚਾਨਣੀ ਵਿਚ ਅਸੀੰ ਬੱਚੇ ਇੰਝ ਹੀ ਪਲਾਂਗੇ
ਲੜਾਂਗੇ, ਮਰਾਂਗੇ, ਫਿਰ ਜਨਮ ਲਵਾਂਗੇ
ਕਦੇ ਇਥੇ, ਕਦੇ ਉਥੇ

ਐਨੀ ਗੂੜੀ ਰਿਸ਼ਤੇਦਾਰੀ
ਐਨੀ ਮਿਠੀ ਸਕੀਰੀ
ਕਿਸੇ ਪਾਗ਼ਲ ਰਾਜੇ ਦੇ ਹੁਕਮ ਨਾਲ ਮੁਕ ਜਾਏਗੀ?

ਦਰਬਾਰ ਅੰਦਰ ਪਤਾ ਨਹੀਂ
ਪਰ ਘੱਟੋ ਘੱਟ ਇਹ
ਮੇਰੀ ਗੁੜਤੀ ਵਿਚ ਇਹ ਨਹੀਂ ਹੋ ਸਕਦਾ.


23

ਸਿਰਫ ਇਸ ਲਈ
ਕਿ ਮੇਰਾ ਇਕ ਦੋਸਤ ਖੜ ਕੇ ਨਹੀਂ
ਬੈਠ ਕੇ ਅਰਦਾਸ ਕਰਦਾ ਹੈ

ਉਸਦਾ ਗੁਰੂ
ਕੱਪੜਾ ਲਪੇਟਦਾ ਹੈ
ਜਾਂ ਟੋਪੀ ਪਹਿਨਦਾ ਹੈ
ਜਾਂ ਬੂਟ ਪਾ ਕੇ ਪਵਿਤਰ ਥਾਂ ਉਪਰ ਖੜਦਾ ਹੈ
ਜਾਂ ਲਾਉਂਦਾ ਹੈ ਤਿਲਕ ਕਦੇ ਕਿਸੇ ਰੰਗ ਦਾ, ਕਦੇ ਕਿਸੇ ਰੰਗ ਦਾ

ਅਲੱਗ ਹੈ ਮੰਤਰ, ਟੋਟਕਾ, ਹੁਕਮ ਉਸਦਾ
ਪੈਗੰਬਰ ਉਸਦਾ
ਨਿਯਮ ਅਨਿਯਮ ਉਸਦਾ.

ਚੁਪਚਾਪ ਮੌਨ ਪਾਰ ਕਰਦਾ ਹੈ ਭੀੜ
ਤਾਂ ਸੁਣਦੇ-ਦੇਖਦੇ ਸਾਰ ਮੈਂ ਉਸਦੇ ਖ਼ਿਲਾਫ਼ ਹੋ ਜਾਂਵਾਗਾ

ਇਹ ਭਰਮ ਰਾਜੇ ਦਾ ਹੈ
ਮੇਰਾ ਨਹੀਂ.

ਇਹ ਰਾਜੇ ਦੀ ਧਾਰਮਿਕ ਨਹੀਂ
ਰਾਜਨੀਤਕ ਪਹੁੰਚ ਹੈ
ਜਿਸ ਉਪਰ ਉਹ ਆਸਥਾਈ ਮੋਹਰ ਲਾਉਂਦਾ ਹੈ.

ਪਾਗ਼ਲ ਰਾਜੇ ਨੂੰ ਆਪਣੇ ਭਰਮ ਵਿਚ ਮਰਨ ਦਿਓ
ਆਓ, ਅਸੀਂ ਪਿਆਰ ਵਿਚ ਮਰਦੇ ਹਾਂ.


24

ਮੇਰੀ ਪ੍ਰੇਮਿਕਾ
ਕਿਸੇ ਦੂਸਰੇ ਧਰਮ ਦੀ ਹੈ
ਠੀਕ ਉਸਤੋਂ ਉਲਟ
ਜਿਹੜਾ ਧਰਮ ਮੇਰੀ ਮਾਂ ਨੇ ਮੈਨੂੰ ਗੁੜਤੀ ਵਿਚ ਦਿਤਾ ਸੀ

ਉਲਟਾ ਪੁਲਟੀ ਦੇਹ-ਅਦੇਹ

ਉਹ ਦੋਵੇਂ
ਇਕ ਦੂਜੇ ਦੇ ਧਰਮ ਦੇ ਖ਼ਿਲ਼ਾਫ ਹਨ
ਊਂ ਦਿਨ ਸੁਦ ਉਪਰ ਇਕ ਦੂਜੇ ਦੇ ਬਣੇ ਪਕਵਾਨ ਖਾ ਲੈਂਦੀਆਂ ਹਨ

ਕਦੇ ਕਦਾਰ ਚੁੰਨੀ ਬਦਲ ਲੈਂਦੀਆਂ ਹਨ

ਇਹ ਦੋਨੋਂ ਔਰਤਾਂ
ਜਿਹਨਾਂ ਨੂੰ ਮੈਂ ਸਭ ਤੋਂ ਵੱਧ ਪਿਆਰ ਕਰਦਾ ਹਾਂ
ਉਹਨਾਂ ਦੋਨਾਂ ਦੇ ਧਰਮਾਂ ਵਿਚ
ਮੇਰੀ ਕੋਈ ਦਿਲਚਸਪੀ ਨਹੀਂ

ਅਸੀਂ ਆਸਥਾ ਕਰਕੇ ਨਹੀਂ
ਪਿਆਰ ਕਰਕੇ ਜੁੜੇ ਹੋਏ ਹਾਂ.

ਅਸੀਂ ਇਕ ਮੋੜ ਤੇ ਮਿਲਦੇ ਹਾਂ
ਆਪਣਾ ਆਪਣਾ ਮੋੜ ਮੁੜ ਜਾਂਦੇ ਹਾਂ
ਘਰ ਪਹੁੰਚ ਜਾਂਦੇ ਹਾਂ.


25

ਸਿਰਫ਼ ਇਸ ਲਈ
ਕਿ ਮੇਰੇ ਪੁਤਰ ਲਈ ਜੋ ਮੈਦਾਨ ਹੈ
ਮੇਰੇ ਲਈ ਵਿਹੜਾ ਹੈ

ਤਾਂ ਮੈਂ ਉਸਦੀ ਖੇਡ ਖੋਹ ਲਵਾਂਗਾ

ਠੀਕ ਉਸ ਤਰਾਂ
ਜਿਸ ਤਰਾਂ ਮੇਰੀ ਪ੍ਰੇਮਿਕਾ ਦੇ ਹੱਥੋਂ
ਇਕ ਵਾਰ ਮੇਰੀ ਮਾਂ ਨੇ
ਪਿਤਲ ਦਾ ਭਾਂਡਾ ਖੋਹ ਲਿਆ ਸੀ

ਇਹ ਕਹਿ ਕੇ ਕਿ ‘ਕਰਤਾ ਭ੍ਰਿਸ਼ਟ’.

ਮਾਂ ਨੇ ਮਾਂਜ ਲਿਆ ਸੀ ਭਾਂਡਾ
ਸੁਆਹ ਨਾਲ

ਮੇਰੇ ਅੰਦਰ
ਮਾਂਜੇ ਜਾ ਰਹੇ ਭਾਂਡੇ ਦੀ ਰਗੜਾਈ ਦਬ ਗਈ

ਮੈਂ ਹੁਣ ਤੱਕ ਉਸ ਪਿਤਲ ਦੇ ਭਾਂਡੇ ਵਿਚ ਦਫ਼ਨ ਹਾਂ
ਜੋ ਬਾਅਦ ਵਿਚ ਵਿਕ ਕੇ
ਰਾਜੇ ਦੇ ਘਰ ਚਲਾ ਗਿਆ ਸੀ.


26

ਚੰਗਾ ਹੁੰਦਾ ਜੇ ਮਰ ਜਾਂਦਾ
ਡਾਰਵਿਨ ਦਾ ਬਾਂਦਰ

ਪਹਿਲਾਂ ਰਾਜੇ ਉਪਰ ਗੁਸਾ ਆਉਂਦਾ ਸੀ
ਫਿਰ ਤਰਸ
ਹੁਣ ਤੇ ਹਰਿਕ ਹੀ ਰਾਜਾ ਬਣ ਗਿਆ ਹੈ

ਹਰਿਕ ਦਾ ਇਕ ਨਾਹਰਾ ਹੈ
ਹਥਿਆਰ ਹੈ, ਰੰਗ ਹੈ
ਭੀੜ ਹੈ.

ਚਹਿਰਾ ਨਹੀਂ ਹੈ

ਕਿਸਨੂੰ ਮਾਰਨ ਨਿਕਲੇ ਹਨ ਇਹ ਪਰਛਾਂਵੇ.

ਜਿਥੇ ਮਿਲਦੇ ਹਾਂ ਆਪਾਂ
ਐਨੇ ਚਿਰਾਂ ਦੇ, ਬਾਤਾਂ ਪਾਉਂਦੇ, ਲੜਦੇ ਝਗੜਦੇ
ਪਿਆਰ ਕਰਦੇ
ਕੀ ਬਚੀ ਰਹੇਗੀ ਇਹ ਧਰਤੀ
ਇਸ ਭੀੜ, ਪੱਥਰ, ਕਤਲੇਆਮ ਵਿਚ.

ਅੱਗ ਭਰ ਦਿਤੀ ਦਿਮਾਗ ਅੰਦਰ; ਤੀਲਾਂ ਜੇਬ ’ਚ
ਤੇ ਦੇ ਦਿਤਾ ਹੈ ਖ਼ੂਬਸੂਰਤ ਪਿੰਡ
ਮੂਰਖ਼ ਰਾਜੇ ਨੇ ਬਾਂਦਰਾਂ ਹੱਥ

ਚੰਗਾ ਹੁੰਦਾ ਜੇ ਮਰ ਜਾਂਦਾ
ਡਾਰਵਿਨ ਦਾ ਬਾਂਦਰ.


27

ਜਹਿਰੀਲੀ ਗੈਸ ਛਿੜਕ ਦਿਤੀ ਹੈ
ਮੇਰੀ ਸਾਹ ਨਲੀ ਅੰਦਰ

ਚੁਪਚਾਪ
ਬਿਨਾਂ ਕਿਸੀ ਆਹਟ ਦੇ
ਮੇਰੀ ਰੀੜ ਵਿਚ ਅੱਗ ਲਗਾ ਦਿਤੀ ਗਈ ਹੈ

ਢਾਹ ਦਿਤਾ ਹੈ ਦਿੱਲ ਮੇਰਾ.

ਮੈਂ ਜਾਣਦਾ ਹਾਂ
ਥੋੜਾ ਥੋੜਾ
ਬਚਿਆ ਰਹਿਣ ਦਿਤਾ ਜਾਏਗਾ ਮੇਰਾ ਕੋਈ ਹਿੱਸਾ
ਇਸ ਕਾਲੀ ਕਹਾਣੀ ਦਾ
ਝੂਠ ਲਿਖਣ ਲਈ

ਆਤਮਾ ਦਾ ਰੂਪ ਬਦਲ ਦਿਤਾ ਜਾਏਗਾ
ਦੇਹ ਦਾ ਆਕਾਰ ਵੀ

ਕੱਲ ਨੂੰ ਮੇਰੀ ਕੁੱਲ ਦਾ ਕਵੀ ਕੋਈ
ਪਿਤਰ ਪ੍ਰੇਮ ਵਿਚ
ਇਹੀ ਕਾਲ਼ਖ ਸਮੇਟ ਲਏਗਾ

ਆਉਣ ਵਾਲੀਆਂ ਪੀੜੀ ਨੂੰ ਗੁਮਰਾਹ ਕਰ ਦਿਤਾ ਜਾਏਗਾ

ਕੌਣ ਲਿਖੇਗਾ ਸਾਡੇ ਇਤਿਹਾਸ ਵਿਚ
ਕਿ ਇਹ ਸਭ ਦੁਰਘਟਨਾ ਨਹੀਂ,
ਕਤਲ ਸੀ.

28

ਕੰਧ
ਬਾਹਰ ਹੈ
ਅੰਦਰ ਨਹੀਂ

ਦਿੱਲ
ਅੰਦਰ ਹੈ
ਬਾਹਰ ਨਹੀਂ

ਪਰ ਤੇਰੇ ਵਾਂਗ
ਖਿੜਕੀ ਅੰਦਰ ਵੀ ਹੈ
ਤੇ ਬਾਹਰ ਵੀ

ਕੰਧ ਕਿੰਨੀ ਵੀ ਉਚੀ ਹੋਏ
ਦਿਲ ਕਿੰਨਾ ਵੀ ਸਖ਼ਤ ਹੋਏ
ਆਉਣ ਜਾਣ ਦਾ ਰਸਤਾ ਬਣਿਆ ਰਹਿੰਦਾ ਹੈ


29

ਬੁਰਾ ਤਾਂ ਲਗਦਾ ਸੀ
ਪਰ ਐਨਾ ਬੁਰਾ ਨਹੀਂ ਸੋਚਿਆ ਸੀ
ਕਿ ਰਾਜਾ ਇਕ ਕਾਲਪਨਿਕ ਸਾਧੂ ਨਿਕਲੇਗਾ

ਬੁਰੇ ਵਕਤ ਵਿਚ
ਸਿਰਫ਼ ਸਕਰੀਨ ਉਪਰ ਆਏਗਾ
ਅਤੇ ਟੋਟਕੇ ਵੰਡੇਗਾ

ਨਕਲੀ ਪਰੇਡ ਕਰੇਗਾ, ਕਹੇਗਾ ਸਭ ਸ਼ਾਂਤੀ ਹੈ-

ਕਾਗ਼ਜੀ ਸੁਵਿਧਾਵਾਂ ਦੇ ਅੰਬਾਰ ਲਾ ਦਏਗਾ
ਅਤੇ ਖੁਦ ਨੂੰ ਦੱਸੇਗਾ ਸਰਵ ਕਲਾ ਸੰਪੂਰਣ
ਪ੍ਰਸੰਸਾ ਦੀ ਉਡੀਕ ਕਰੇਗਾ
ਆਲੋਚਨਾ ਨੂੰ ਅੱਖਾਂ ਦਿਖਾਏਗਾ

ਪਤਾ ਨਹੀਂ ਕਿਹੜਾ ਮੰਤਰ ਹੈ
ਕਿਵੇਂ ਉਸਨੇ
ਸਾਡੇ ਦਿੱਲ ਦੀ ਇਕ ਬਰੀਕ ਤੰਦ ਨੂੰ
ਆਪਣੇ ਸਿਤਾਰ ਨਾਲ ਬੰਨ ਲਿਆ ਹੈ
ਨੇਰ ਹੋਵੇ, ਸਵੇਰ ਹੋਵੇ
ਜਦੋਂ ਜੀਅ ਕਰਦਾ ਹੈ ਤੁਣਕਾ ਮਾਰ ਦਿੰਦਾ ਹੈ

ਫਿਰ ਵਿਸ਼ਵ ਗੂਰੂ ਦਾ ਲੱਕ ਟੁਣੂ-ਟੁਣੂ

ਰਾਜਾ ਬੰਕਰ ਵਿਚ
ਪਰਜਾ ਸੜਕਾਂ ਉਪਰ
ਧੂੰਆਂ ਫੇਫੜਿਆਂ ਵਿਚ
ਖ਼ਬਰ ਅਖਬਾਰ ਦੇ ਪਹਿਲੇ ਪੰਨੇ ਉਪਰ

ਪਤਾ ਨਹੀਂ ਬੰਦੇ ਅੰਦਰ
ਕਿਹੜੀ ਥਾਂ ਐਨੀ ਆਪਹੁਦਰੀ ਅਤੇ ਹੋਸ਼ੀ ਹੈ
ਜੋ ਰਾਜੇ ਦੇ ਮਗਰ ਮਗਰ ਹੋ ਤੁਰਦੀ ਹੈ
ਇਹ ਜਾਣਦਿਆਂ ਵੀ
ਕਿ ਸਮਾਂ ਖ਼ਰਾਬ ਚੱਲ ਹੈ

ਬੁਰਾ ਤਾਂ ਲਗਦਾ ਹੈ
ਪਰ ਸੋਚਦਾ ਹਾਂ
ਸਿਰਫ਼ ਬੁਰਾ ਲੱਗਣਾ ਹੀ ਕਾਫ਼ੀ ਨਹੀਂ ਹੁੰਦਾ


30

ਕਦੇ ਕਦੇ ਸੋਚਦਾ ਹਾਂ
ਕਿ ਜੇ ਰਾਜਾ, ਰਾਜਾ ਨਾ ਹੁੰਦਾ
ਤਾਂ ਕੀ ਹੁੰਦਾ

ਕੀ ਮੇਰੇ ਨਾਲ ਇਸੇ ਸਰਕਸ ਵਿਚ ਕੰਮ ਕਰਦਾ
ਜਾਂ ਹੁੰਦਾ ਇਕ ਛੋਟਾ ਰਿੰਗ ਮਾਸਟਰ

ਜਾਂ ਰਾਜੇ ਵਿਰੁੱਧ ਚਲ ਰਹੀ ਮੁਹਿੰਮ ਵਿਚ
ਇਕ ਬਹਿਰੂਪੀਆ ਹੁੰਦਾ
ਸਰਕਾਰੀ ਖ਼ਬਰੀ

‘ਰਾਜਾ’
ਕੀ ਇਸੇ ਸ਼ਬਦ ਵਿਚ ਹੀ ਕਰਾਮਾਤ ਹੈ
ਜਾਂ ਉਸਦੀ ਵਰਦੀ ਵਿਚ ਜਿਹੜੀ ਦੇਹ ਹੁੰਦੀ ਹੈ
ਉਹ ਦੇਹ ਨਹੀਂ ਹੁੰਦੀ
ਬਲਕਿ ਇਕ ਖਤਰਨਾਕ ਦਰਬਾਰੀ ਵਿਚਾਰ ਹੁੰਦਾ ਹੈ

ਸ਼ਾਇਦ ਰਾਜਾ ਹੋਣਾ 
ਇਕ ਸੰਗੀਨ ਸਾਜਿਸ਼ ਦਾ ਹਿੱਸਾ ਹੈ ਕਦੇ ਕਦੇ ਸੋਚਦਾ ਹਾਂ
ਕਿ ਜੇ ਰਾਜਾ, ਰਾਜਾ ਨਾ ਹੁੰਦਾ
ਤਾਂ ਹੋਣਾ ਇਸਨੇਂ ਪਰਜਾ ਵੀ ਨਹੀਂ ਸੀਬਸ, ਮੇਰੇ ਪਿੰਡ ਦਾ ਰਾਜਾ ਪਾਗ਼ਲ ਹੈ

Write A Comment