ਲੁਈਸ ਗਲੁੱਕ ਦੀਆਂ 3 ਕਵਿਤਾਵਾਂ –
ਅਨੁਵਾਦ ਸ਼ਿਵਦੀਪ

1
ਚੌਰਾਹੇ

ਮੇਰੀ ਦੇਹ,
ਹੁਣ ਬਹੁਤ ਛੇਤੀ
ਅਸੀਂ ਇਕੱਠੇ ਸਫ਼ਰ ਨਹੀਂ ਕਰ ਸਕਾਂਗੇ
ਤਾਂ ਮੈਨੂੰ ਤੇਰੇ ਪ੍ਰਤੀ ਨਵੀਂ ਕੋਮਲਤਾ ਮਹਿਸੂਸ ਹੋਣ ਲੱਗੀ ਹੈ, ਬਿਲਕੁੱਲ ਕੱਚੀ ਤੇ ਅਣਜਾਣ
ਜਿਵੇਂ ਮੇਰੇ ਕੋਲ ਜਵਾਨੀ ਵੇਲੇ ਦੇ ਪਿਆਰ ਦੀ ਯਾਦ ਹੈ,

ਪਿਆਰ,
ਜੋ ਆਪਣੇ ਉਦੇਸ਼ਾਂ ’ਚ ਹਮੇਸ਼ਾ ਮੂਰਖ਼ ਰਿਹਾ
ਪਰ ਆਪਣੀ ਪਸੰਦ ਅਤੇ ਗਹਿਰਾਈ ਵਿਚ ਕਦੇ ਨਹੀਂ
ਸ਼ੁਰੂਆਤ ਵਿਚ ਹੀ ਵਾਧੂ ਮੰਗਾਂ ਕਰਦਾ,
ਵਾਧੂ ਮੰਗਾਂ, ਜਿਹਨਾਂ ਦੀ ਪੂਰਤੀ ਲਈ ਕੋਈ ਵਾਅਦਾ ਨਹੀਂ ਕੀਤਾ ਜਾ ਸਕਦਾ

ਮੇਰੀ ਆਤਮਾ,
ਬਹੁਤ ਡਰਾਉਣੀ ਅਤੇ ਹਿੰਸਕ ਬਣੀ ਰਹੀ
ਤੂੰ ਇਸਦੀ ਕਰੂਰਤਾ ਨੂੰ ਮਾਫ਼ ਕਰੀਂ
ਕਿਉਂ ਕਿ ਇਹ ਆਤਮਾ ਹੀ ਸੀ, ਜਿਸ ਕਰਕੇ ਮੇਰਾ ਹੱਥ-
ਤੇਰੇ ਉੱਪਰ ਬੜੀ ਸਾਵਧਾਨੀ ਨਾਲ ਚਲਦਾ

ਤੈਨੂੰ ਮੈਂ ਦੁੱਖ ਤਾਂ ਨਹੀਂ ਦੇਣਾ ਚਹੁੰਦੀ
ਪਰ ਉਤਸਕ ਹਾਂ,
ਆਖ਼ਰਕਾਰ, ਪਦਾਰਥ ਦੇ ਰੂਪ ਵਿਚ ਅਭਿਵਿਅਕਤੀ ਗ੍ਰਹਿਣ ਕਰਨ ਲਈ

ਆਹ ਧਰਤੀ ਨਹੀਂ, ਜਿਸਨੂੰ ਮੈਂ ਚੇਤੇ ਕਰਾਂਗੀ
ਮੈਂ ਤੈਨੂੰ ਚੇਤੇ ਕਰਾਂਗੀ, ਮੇਰੀ ਦੇਹ

CROSSROADS from ‘A Village Life’, 2009

2
ਝੂਠਾ ਬੁਲਾਰਾ

ਮੇਰੀ ਗੱਲ ਨਾ ਸੁਣੋ,
ਮੇਰਾ ਦਿਲ ਟੁੱਟ ਗਿਆ ਹੈ
ਮੈਂ ਕੁੱਝ ਵੀ ਨਿਰਪੱਖ ਨਹੀਂ ਦੇਖ ਪਾਉਂਦੀ

ਮੈਂ ਮਨੋ-ਵਿਗਿਆਨਕ ਦੀ ਤਰਾਂ ਸੁਣਨਾ ਤਾਂ ਸਿੱਖ ਲਿਆ ਹੈ
ਪਰ ਜਦੋਂ ਮੈਂ ਭਾਵੁਕਤਾ ਨਾਲ ਬੋਲਦੀ ਹਾਂ
ਉਦੋਂ ਘੱਟ ਭਰੋਸੇਯੋਗ ਹੁੰਦੀ ਹਾਂ

ਦਰਅਸਲ ਇਹ ਬਹੁਤ ਦੁੱਖ ਦੀ ਗੱਲ ਹੈ
ਕਿ ਸਾਰੀ ਉਮਰ ਮੇਰੀ ਹੁਸ਼ਿਆਰੀ ਲਈ-
ਭਾਸ਼ਾ ’ਤੇ ਪਕੜ ਲਈ, ਮੇਰੀ ਅੰਤਰਿ-ਦ੍ਰਿਸ਼ਟੀ ਲਈ ਪ੍ਰਸੰਸਾ ਕੀਤੀ ਗਈ
ਅੰਤ ’ਚ ਇਹ ਸਭ ਵਿਅਰਥ ਗਿਆ

ਮੈਨੂੰ ਯਾਦ ਨਹੀਂ ਕਿ ਕਦੇ ਆਪਣੀ ਭੈਣ ਦਾ ਹੱਥ ਫੜ੍ਹਕੇ
ਪੌੜੀਆਂ ਸਾਹਮਣੇ ਖੜੀ ਹੋਈ ਹੋਵਾਂ
ਸ਼ਾਇਦ ਇਸੇ ਲਈ ਮੈਂ ਉਹਨਾਂ ਝਰੀਟਾਂ ਦਾ ਕੋਈ ਹਿਸਾਬ ਨਹੀਂ ਲਾ ਸਕੀ
ਜਿਹੜੀਆਂ ਉਸਦੀ ਬਾਂਹ ਤੇ ਸਨ,
ਠੀਕ ਉਥੇ ਜਿਥੇ ਕਫ਼ ਖ਼ਤਮ ਹੁੰਦਾ ਹੈ

ਆਪਣੇ ਮਨੋਂ ਮੈਂ ਅਦਿੱਖ ਹਾਂ; ਇਸੇ ਲਈ ਮੈਂ ਜਿਆਦਾ ਖ਼ਤਰਨਾਕ ਹਾਂ
ਮੇਰੇ ਵਰਗੇ ਲੋਕ ਜੋ ਨਿਰ-ਸਵਾਰਥ ਲਗਦੇ ਹਨ,
ਅਪਾਹਿਜ਼ ਹਨ, ਝੂਠੇ ਹਨ ; ਅਸੀਂ ਉਹੀ ਹਾਂ-
ਜਿਹਨਾਂ ਨੂੰ ਸੱਚ ਦੇ ਹਿੱਤ ਲਈ ਬਾਹਰ ਸੁੱਟ ਦੇਣਾ ਚਾਹੀਦਾ ਹੈ

ਜਦੋਂ ਮੈਂ ਸ਼ਾਂਤ ਹੁੰਦੀ ਹਾਂ, ਉੱਦ ਸੱਚ ਪ੍ਰਗਟ ਹੁੰਦਾ ਹੈ
ਸਾਫ਼ ਅਸਮਾਨ,  ਚਿੱਟੀ ਰੂੰਈਂ ਵਰਗੇ ਮਹੀਨ ਬੱਦਲ ਵੀ
ਜਿਹਨਾਂ ਦੇ ਥੱਲੇ ਹੈ ਇਕ ਸਲੇਟੀ ਘਰ; ਅਜ਼ਾਲੀਆਜ਼1
ਲਾਲ- ਖਿੱਲਿਆ ਗੁਲਾਬੀ

ਜੇ ਤੁਸੀਂ ਸੱਚ ਚਹੁੰਦੇ ਹੋ ਤਾਂ ਤੁਹਾਨੂੰ ਕਿਨਾਰਾ ਕਰਨਾ ਪਏਗਾ
ਆਪਣੀ ਵੱਡੀ ਧੀ ਤੋਂ; ਰੋਕਣਾ ਪਏਗਾ ਬਾਹਰ ਉਸਨੂੰ
ਕਿਉਂ ਕਿ ਜਦੋਂ ਕਿਸੇ ਜੀਵੰਤ ਸ਼ੈਅ ਦੇ ਗਹਿਰੇ ਤਾਣੇ-ਬਾਣੇ ਨੂੰ ਸੱਟ ਲੱਗੀ ਹੋਵੇ
ਤਾਂ ਸਭ ਕੁੱਝ ਉਲਟ-ਪੁਲਟ ਹੋ ਜਾਂਦਾ ਹੈ

ਇਸੇ ਲਈ ਮੇਰੇ ਉਪਰ ਭਰੋਸਾ ਨਹੀਂ ਕੀਤਾ ਜਾ ਸਕਦਾ,
ਕਿਉਂ ਕਿ ਦਿਲ ਦਾ ਜ਼ਖ਼ਮ,
ਅਕਸਰ ਦਿਮਾਗ ਦਾ ਵੀ ਜ਼ਖ਼ਮ ਹੁੰਦਾ ਹੈ.Azaleas1: a deciduous flowering shrub of the heath family with clusters of brightly coloured, sometimes fragrant flowers.

THE UNTRUSTWORTHY SPEAKER from ‘Ararat’, 1990

3
ਪ੍ਰੇਮ ਕਵਿਤਾ

ਹਮੇਸ਼ਾ ਹੁੰਦਾ ਹੈ
ਕੁੱਝ ਨਾ ਕੁੱਝ ਦਰਦ ਨਾਲ ਬਣਾਉਣ ਲਈ
ਮਾਂ ਬੁਣਦੀ ਹੈ.

ਉਹ ਦਰਦ ਵਿਚੋਂ
ਵੱਖਰੀਆਂ ਵੱਖਰੀਆਂ ਲਾਲ ਸ਼ੇਡਜ਼ ਦੇ ਸਕਾਰਫ਼ ਬਣਾਉਂਦੀ
ਜੋ ਤੁਹਾਨੂੰ ਦਿਨ-ਤਿਓਹਾਰਾਂ ਤੇ ਨਿੱਘਾ ਰੱਖਦੇ 
ਉਹ ਵਾਰ ਵਾਰ ਵਿਆਹ ਕਰਾਉਂਦੀ,
ਤੇ ਤੁਹਾਨੂੰ ਵੀ ਨਾਲ ਲਈ ਫਿਰਦੀ

ਇਹ ਸਾਰਾ ਕੁੱਝ ਕਿਵੇਂ ਹੋਈ ਜਾਂਦਾ,
ਜਦੋਂ ਕਿ ਉਸਦਾ ‘ਵਿਧਵਾ-ਦਿਲ’ ਉਸਦੇ ਅੰਦਰ ਹੀ ਪਿਆ ਹੈ
ਜਿਵੇਂ ਕਿ ਮਰੇ ਹੋਏ ਵਾਪਿਸ ਆ ਜਾਣਗੇ

ਕੋਈ ਹੈਰਾਨੀ ਨਹੀਂ
ਤੁਸੀਂ ਜੋ ਹੋ, ਉਹੀ ਹੋ; ਉਹੀ ਰਹਿੰਦੇ ਹੋ
ਅਤੇ ਤੁਹਾਡੀਆਂ ਔਰਤਾਂ, ਇੱਟਾਂ ਵਾਂਗ
ਇਕ ਤੋਂ ਬਾਅਦ ਇਕ ਕੰਧ ’ਚ ਲਗਦੀਆਂ ਰਹਿੰਦੀ ਹਨ

LOVE POEM from poemhunter.com

(Translated for PrePoetic Magazine Issue-1)

Write A Comment