ਆਪਣੀ ਜ਼ਿੰਦਗੀ ਵਿਚ ਆਦਮੀ

ਆਪਣੀ ਜ਼ਿੰਦਗੀ ਵਿਚ ਆਦਮੀ ਕੋਲ
ਸਮਾਂ ਨਹੀਂ ਹੁੰਦਾ
ਕਿ ਉਹ ਦੇ ਸਕੇ ਸਮਾਂ ਸਭ ਕਾਸੇ ਨੂੰ
ਨਾ ਨਹੀਂ ਹੁੰਦੀ ਹੈ ਐਨੀ ਜਗਾਹ
ਕਿ ਹਰਿਕ ਖ਼ਾਹਿਸ਼ ਨੂੰ ਜਗਾਹ ਦਿੱਤੀ ਜਾ ਸਕੇ 
ਗਲਤ ਸੀ ਉਪਦੇਸ਼ਕ ਦਾ ਦਾਅਵਾ

ਆਦਮੀ ਨੇ ਇਕੋ ਵੇਲੇ,
ਪਿਆਰ ਕਰਨਾ ਹੁੰਦਾ ਅਤੇ ਨਫ਼ਰਤ ਵੀ
ਇਕੋ ਅੱਖਾਂ ਨਾਲ ਰੋਣਾ ਹੱਸਣਾ ਹੁੰਦਾ ਹੈ
ਜਿਹੜੇ ਹੱਥਾਂ ਨਾਲ ਪੱਥਰ ਵਗਾਹ ਕੇ ਮਾਰਨੇ ਹੁੰਦੇ ਹਨ
ਉਹਨਾਂ ਨਾਲ ਹੀ ਇਕੱਠੇ ਕਰਨੇ ਹੁੰਦੇ ਹਨ
ਯੁੱਧ ਵਿਚ ਪਿਆਰ ਕਰਨਾ ਹੁੰਦਾ ਹੈ
ਅਤੇ ਪਿਆਰ ਵਿਚ ਯੁੱਧ
ਇਕੋ ਵੇਲੇ ਨਫ਼ਰਤ ਅਤੇ ਮੁਆਫ਼ੀ,
ਯਾਦ ਰੱਖਣਾ ਅਤੇ ਭੁੱਲ ਜਾਣਾ
ਇਕਸੁਰਤਾ ਅਤੇ ਉਲਝਣ, ਖਾਣਾ ਅਤੇ ਪਚਾਉਣਾ
ਇਤਿਹਾਸ ਇਸ ਕੰਮ ਲਈ ਸਾਲਾਂ ਦੇ ਸਾਲ ਲੈ ਲੈਂਦਾ ਹੈ

ਆਪਣੀ ਜ਼ਿੰਦਗੀ ਵਿਚ ਆਦਮੀ ਕੋਲ
ਸਮਾਂ ਨਹੀਂ ਹੁੰਦਾ.

ਜਦੋਂ ਉਹ ਗੁਆ ਲੈਂਦਾ, ਪਾਉਣਾ ਚਹੁੰਦਾ ਹੈ
ਜਦੋਂ ਪਾ ਲੈਂਦਾ, ਭੁੱਲ ਜਾਂਦਾ ਹੈ
ਜਦੋਂ ਭੁੱਲ ਜਾਂਦਾ, ਪਿਆਰ ਕਰਨ ਲਗਦਾ ਹੈ
ਤੇ ਜਦੋਂ ਪਿਆਰ ਕਰਦਾ ਹੈ,
ਦੁਬਾਰਾ ਭੁੱਲਣਾ ਸ਼ੁਰੂ ਕਰ ਦਿੰਦਾ ਹੈ

ਉਸਦੀ ਪੇਸ਼ੇਵਰ ਆਤਮਾ ਸਭ ਜਾਣਦੀ ਹੈ
ਪਰ ਉਸਦਾ ਨੌਸਿਖੀਆ ਸਰੀਰ
ਹਮੇਸ਼ਾ ਕੋਸ਼ਿਸ਼ ਕਰਦਾ ਹੈ, ਭਟਕਦਾ ਹੈ
ਸਿੱਖਦਾ ਨਹੀਂ, ਉਲਝਿਆ ਰਹਿੰਦਾ ਹੈ
ਆਪਣੀ ਖੁਸ਼ੀ, ਗਮੀ-
ਦੋਹਾਂ ਵਿਚ ਨਸ਼ਈ ਅਤੇ ਅੰਨਾ ਰਹਿੰਦਾ ਹੈ.

ਪੱਤਝੜ ਵਿਚ ਉਹ ਅੰਜ਼ੀਰ ਵਾਂਗ ਮਰ ਜਾਏਗਾ
ਝੁਰੜਾਇਆ, ਮਿੱਠਾ ਅਤੇ ਆਪਣੇ ਆਪ ਨਾਲ ਭਰਿਆ
ਪੱਤੇ ਮੈਦਾਨ ਉਤੇ ਪਏ ਪਏ ਸੁੱਕ ਜਾਣਗੇ
ਅਤੇ ਨੰਗੀਆਂ ਟਹਿਣੀਆਂ
ਉਸ ਜਗਾਹ ਵੱਲ ਇਸ਼ਾਰਾ ਕਰਗੀਆਂ
ਜਿਥੇ ਆਦਮੀ ਕੋਲ ਸਭ ਕਾਸੇ ਲਈ ਸਮਾਂ ਹੁੰਦਾ ਹੈ.

  • – – – – – – –

ਇਹ ਨੰਗੀਆਂ ਟਹਿਣੀਆਂ ਕਿਸ ਜਗਾਹ ਵੱਲ ਇਸ਼ਾਰਾ ਕਰ ਰਹੀਆਂ ਹਨ,
ਮੈਂ ਉਥੇ ਜਾਣਾ ਹੈ.

ਇਕ ਡੂੰਘੀ ਚੁੱਪ ਤੋਂ ਬਾਦ ਇਹ ਇਸ ਕਵਿਤਾ ਨਾਲ ਮੇਰਾ ਪਹਿਲਾ ਅਤੇ ਆਖਰੀ ਡਾਇਲਾੱਗ ਸੀ.

ਰੂਮੀ ਕਹਿੰਦਾ ਹੈ ਕਿ ਸਹੀ ਅਤੇ ਗਲਤ ਦੇ ਪਾਰ ਇਕ ਮੈਦਾਨ ਹੈ. ਕਵੀ ਨੇ ਇਸ਼ਾਰੇ ਹੀ ਕਰਨੇ ਹੁੰਦੇ ਹਨ. ਅਮੀਖਾਇ ਦੀ ਕਵਿਤਾ ਵਿਚਲੇ ਲੁਕਵੇਂ ਇਸ਼ਾਰੇ ਕਮਾਲ ਹਨ. ਉਹ ਕਈ ਕੁੱਝ ਦੱਸ ਕੇ ਵੀ ਬਹੁਤ ਕੁੱਝ ਲੁਕੋ ਲੈਂਦਾ ਹੈ. ਸਮਾਂ ਹੈ ਅਤੇ ਸਮਾਂ ਨਹੀਂ ਹੈ ਦੋਹਾਂ ਦੇ ਵਿਚਕਾਰ ‘ਸਹੀ’ ਦੀ ਪਰਿਭਾਸ਼ਾ ਬੰਦੇ ਦੀ ਆਪਣੀ ਨਿੱਜੀ ਹੈ.

ਫਲਸਤੀਨੀ ਕਵੀ ਦਰਵੇਸ਼ ਕਹਿੰਦਾ ਕਿ ਹਰਿਕ ਕਵਿਤਾ ਅਧੂਰੀ ਹੁੰਦੀ ਹੈ ਅਤੇ ਤਿਤਲੀਆਂ ਉਸਨੂੰ ਪੂਰਾ ਕਰਦੀਆਂ ਹਨ. ਯੇਹੂਦਾ ਆਦਮੀ ਦੇ ਪਾ ਲੈਣ, ਗੁਆਉਣ, ਪਿਆਰ ਕਰਨ, ਦੁਬਾਰਾ ਗਵਾਉਣ ਵਿਚ ਜੋ ਖ਼ਾਲੀ ਸਪੇਸ ਛੱਡਦਾ ਹੈ ਉਹ ਤਿਤਲੀਆਂ ਹੀ ਹਨ ਜਾਂ ਉਹ ਹਰਿਕ ਚੀਜ਼ ਜੋ ਅੱਧੇ-ਟੁੱਟੇ ਨਾਲ ਜੁੜਦੀ ਹੈ. ਇਹ ਅੰਦਰ ਉੱਗਦੇ ਫੁੱਲ ਦੀ ਤਿਤਲੀਆਂ ਲਈ ਉਡੀਕ ਹੈ. ਚੰਗਾ ਕਵੀ ਤੁਹਾਨੂੰ ਬਾਹਰੋਂ ਕੁੱਝ ਵੀ ਭੇਂਟ ਨਹੀਂ ਕਰਦਾ, ਉਹ ਤੁਹਾਨੂੰ ਦੱਸਦਾ ਕਿ ਸਭ ਅੰਦਰ ਹੀ ਹੈ; ਟੋਲੋ, ਟਟੋਲੋ, ਮਰੋ ਅਤੇ ਜੀਅ ਲਵੋ.

ਆਦਮੀ ਨੇ ਇਹ ਸਮਾਂ ਅਤੇ ਸਪੇਸ ਅੰਦਰ ਗਵਾਇਆ ਹੈ, ਅੰਦਰੋਂ ਹੀ ਲੱਭਣਾ ਹੈ.

ਸਭ ਕਹਿੰਦਿਆਂ-ਕਰਦਿਆਂ ਜ਼ਿੰਦਗੀ ਉਵੇਂ ਹੀ ਬੀਤਦੀ ਰਹਿੰਦੀ ਹੈ ਤੇ ਇਕਦਿਨ ਅਸੀਂ ਆਪਣੇ ਆਪ ਨਾਲ ਵਿਛੜ ਜਾਂਦੇ ਹਾਂ. ਪਰ ਇਹ ਚੌਵੀ ਘੰਟਿਆ ਵਾਲੀ ਸੂਈ ਨਹੀਂ, ਨਾ ਕਿਸੇ ਥਾਂ ਲਈ ਮੀਲ, ਫਰਲਾਂਗ ਦਾ ਮੀਟਰ. ਆਦਮੀ ਦਾ ਸਮਾਂ-ਸਪੇਸ ਅੰਦਰ ਵੱਲ ਨੂੰ ਇਕ ਨਿਰੰਤਰ ਯਾਤਰਾ ਹੈ. ਵਾਧੂ ਅਤੇ ਬੇਲੋੜੇ ਨੂੰ ਪਾਸੇ ਕਰਕੇ ਆਪਣੇ ਆਪ ਨੂੰ ਦੇਖਣਾ ਵੀ. ਆਪਣੇ ਆਪ ਨੂੰ ਜੀਵੰਤ ਅਤੇ ਜਗਾਉਣਾ ਹੈ.

ਇਸ ਕਵਿਤਾ ਵਿਚ ਮੈਨੂੰ ਇਕ ਆਦਮੀ ਦਿਖਾਈ ਦਿੰਦਾ ਹੈ, ਸਾਫ਼ ਸਪੱਸ਼ਟ, ਪੂਰੇ ਦਾ ਪੂਰਾ ਆਦਮੀ ਮੇਰੇ ਵੱਲ ਉਂਗਲ ਕਰਕੇ ਖੜਾ. ਇਸ਼ਾਰਾ ਕਰਦਾ. ਕੀ ਹੋਏਗਾ ਜਦੋਂ ਆਦਮੀ ਆਪਣੇ ਆਪ ਭਰ ਕੇ ਆਪਣੀ ਨੰਗੀ ਟਹਿਣੀ ਤੋਂ ਉੱਛਲ ਜਾਏਗਾ.

ਕਦੇ ਕਦੇ ਲਗਦਾ ਹੈ ਕਿ
ਮੈਂ ਹੀ ਇਹ ਆਦਮੀ ਹਾਂ ਅਤੇ ਮੈਂ ਹੀ ਅੰਜ਼ੀਰ ਦੀਆਂ ਨੰਗੀਆਂ ਟਹਿਣੀਆਂ ਹਾਂ
ਮੈਂ ਹੀ ਹਾਂ ਨੌਸਿਖੀਆ ਸਰੀਰ.

ਮੈਨੂੰ ਭਰ ਕੇ ਡੁੱਲਣ ਲਈ ਕਾਗ਼ਜ਼ ਚਾਹਿਦਾ ਹੈ, ਖ਼ਾਲੀ ਹੋ ਡਿੱਗਣ ਲਈ ਮੈਦਾਨ.

ਇਸ ਕਵਿਤਾ ਦੀ ਇਕ ਖਾਸੀਅਤ ਇਹ ਵੀ ਹੈ ਜਦੋਂ ਤੁਸੀਂ ਅਤਪਣੇ ਸਮੇਂ ਅਤੇ ਜਗਾਹ ਤੇ ਪਹੁੰਚ ਜਾਓਗੇ ਤਾਂ ਤੁਹਾਨੂੰ ਯੇਹੂਦਾ ਦਾ ਨਹੀਂ ਸਗੋਂ ਤੁਹਾਡਾ ਆਪਣਾ ਮੌਲਿਕ ਸਮਾਂ ਅਤੇ ਸਪੇਸ ਮਿਲੇਗਾ; ਜਿਸਦੀ ਸ਼ਕਲ ਅਤੇ ਵਿਆਖਿਆ ਕਿਸੇ ਨਾਲ ਨਹੀਂ ਮਿਲੇਗੀ- ਯੇਹੂਦਾ ਅਮੀਖਾਇ ਨਾਲ ਵੀ ਨਹੀਂ,
ਮੇਰੀਆਂ ਕੀਤੀਆਂ ਗੱਲਾਂ ਨਾਲ ਵੀ ਨਹੀਂ.   

ਅਨੁਵਾਦ ਅਤੇ ਟਿਪਣੀ ਸ਼ਿਵਦੀਪ

Write A Comment