ਪਿਛਲੇ ਦਿਨੀਂ ਇਕ ਕਵਿਤਾ ਲਿਖੀ ਸੀ ਜਿਸ ਵਿਚ ਇਕ ਘੋੜਾ ਪ੍ਰਿਥਵੀ ਦੇ ਧਰਮ ਯੁੱਧ ਵਿਚੋਂ ਉਖੜ ਕੇ ਸੀਟ ਬੈਲਟ ਪਹਿਨ ਲੈਂਦਾ ਹੈ। ਮੈਂ ਤੇਰੇ ਧਰਮ ਯੁੱਧ ਵਿਚ ਫਸੇ ਰੱਥ ਤੋਂ ਉਖੜਿਆ ਉਹ ਘੋੜਾ ਹਾਂ ਜਿਸ ਨੇ ਪਹਿਨ ਲਈ ਸੀਟ ਬੈਲਟ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਹੀ। ਇਹ ਘੋੜਾ ਕਿਸੇ ਵੀ ਸ਼ੈਅ ਦਾ ਚਿੰਨ ਨਹੀਂ। ਅੱਜ ਬਹੁਤ ਦੇਰ ਨਾਲ ਉਠਿਆਂ, ਕੱਲ ਦੇਰ ਦੇਰ ਰਾਤ 3-4 ਚਾਰ ਵਜੇ ਤੱਕ ਆਪਣੇ ਲਿਖਣ ਪੜਨ ਵਿਚ ਉਲਝਿਆ ਰਿਹਾ। ਉਠਕੇ ਬਾਹਰ ਬਾਲਕਨੀ ਵਿਚ ਗਿਆ ਤਾਂ ਸਾਹਮਣੇ ਖ਼ਾਲੀ ਖੇਤ ਵਿਚ ਸਿਖ਼ਰ ਦੁਪਹਿਰੇ ਤੂਵੀ ਦੇ ਢੇਰ ਕੋਲ ਇਕ ਘੋੜਾ ਦੇਖਿਆ। ਬਿਲਕੁਲ ਸ਼ਾਂਤ ਖੜਾ, ਸਿਰਫ਼ ਉਸਦੀ ਪੂਛ ਹਿਲ ਰਹੀ ਸੀ। ਯਕੀਨ ਕਰਨਾ ਇਕ ਮਿੰਟ ਲਈ ਮੈਨੂੰ ਲੱਗਿਆ ਕਿ ਇਹ ਮੇਰੀ ਹੈਲੂਸਨੇਸ਼ਨ ਹੈ। ਪਤਾ ਨਹੀਂ ਕਿਉਂ। ਉਸਦੀ ਫੋਟੋ ਖਿਚੀ, ਫੋਟੋ ਵਿਚ ਉਹ ਘੋੜਾ ਮਜ਼ੂਦ ਸੀ ਪਰ ਹਾਂ ਉਸਦੀ ਪੂਛ ਨਹੀਂ ਹਿਲ ਰਹੀ ਸੀ। ਤੁਸੀ ਪੁੱਛ ਸਕਦੇ ਹੋ ਕਿ ਮੈਂ ਘੋੜੇ ਬਾਰੇ ਇੰਨੀਆਂ ਬੇਤੁਕੀਆਂ ਗੱਲਾਂ ਕਿਉਂ ਕਰ ਰਿਹਾ ਹਾਂ।

ਘੋੜਾ ਕਦੇ ਕਿਸੇ ਯੱਗ ਦਾ ਉਠਦਾ ਹੈ, ਕਦੇ ਕਿਸੇ ਸ਼ਲੋਕ ਦੀ ਤੁਕ ਵਿਚੋਂ। ਮਿਥਿਹਾਸ ਵਿਚ ਖੰਭ ਲਗਾ ਕੇ ਉੜਦਾ ਹੈ, ਇਤਿਹਾਸ ਵਿਚ ਰਾਜੇ ਦੇ ਦਿਮਾਗ ਵਿਚੋਂ ਯੁੱਧ ਭੂਮੀ ਵਿਚ ਉੁਤਰਦਾ ਹੈ, ਗੁਆਂਡੀ ਕਿਲੇ ਵਿਚ ਵੜ ਜਾਂਦਾ ਹੈ। ਕਦੇ ਸਰੀਰ ਨੂੰ ਚਰਨ ਵਾਲਾ ਇਕ ਕੀੜਾ ਬਣਕੇ ਮਨ ਵਿਚ ਉਤਰਦਾ ਹੈ, ਚਮੜੀ ਉਪਰ ਦੌੜਦਾ ਹੈ। ਜਿਹੜਾ ਘੋੜਾ ਮੈਨੂੰ ਸਿਖ਼ਰ ਦੁਪਹਿਰੇ ਦਿਸਦਾ ਹੈ ਇਸ ਕਿਸਦਾ ਗੁਆਚਿਆ ਘੋੜਾ ਹੈ।

ਫਿਰੋਜ਼ਦੀਨ ਸ਼ਰਫ ਲਿਖਦਾ ਹੈ,

“ਘੋੜਾ ਅਕਲ ਦਾ ਬੀੜ ਦਿਮਾਗ ਮੇਰਾ,
ਤੁਰਿਆ ਜਦੋਂ ਮਜ਼ਮੂਨ ਦੀ ਭਾਲ ਅੰਦਰ”

ਕੇਦਰਨਾਥ ਦੀ ਇਕ ਕਵਿਤਾ ਹੈ ‘ਧੂਪ ਮੇਂ ਘੋੜੇ ਪਰ ਬਹਿਸ’। ਇਸ ਵਿਚ ਤਿੰਨ ਬੰਦੇ ਘੋੜੇ ਉਪਰ ਵਾਰੋ ਵਾਰੀ ਸੁਆ;-ਜੁਆਬ ਕਰ ਰਹੇ ਹਨ। ਘੋੜਾ ਖ਼ੂਬਸੂਰਤ ਹੈ, ਘੋੜਾ ਠੋਸ ਹੈ, ਘੋੜਾ ਇੰਨਾ ਠੋਸ ਹੈ ਉਸ ਉਪਰ ਬਹਿਸ ਨਹੀਂ ਹੋ ਸਕਦੀ। ਕਿਉਂ ਨਹੀਂ ਹੋ ਸਕਦੀ, ਬਿਲਕੁਲ ਹੋ ਸਕਦੀ ਹੈ, ਫਿਰ ਕੋਈ ਬੀੜੀ ਝਾੜਦਾ ਬੋਲਦਾ ਹੈ ਕਿ ਘੋੜਾ ਹੈ ਕਿਥੇ। ਘੋੜਾ ਨਾ ਵੀ ਹੋਵੇ ਤਾਂ ਵੀ ਉਸ ਉਪਰ ਬਹਿਸ ਹੋ ਸਕਦੀ ਹੈ, ਤੀਸਰਾ ਦੁੱਖ ਚ ਇਕ ਨੇ ਵਰਿਆਂ ਤੋਂ ਘੋੜਾ ਨਹੀਂ ਦੇਖਿਆ; ਹਾਂ ਘੋੜੇ ਘਟ ਰਹੇ ਹਨ । ਪਰ ਇਹੀ ਤੇ ਸਵਾਲ ਹੈ ਕਿ ਕਿਉਂ; ਉਹ ਵਿਕ ਜਾਂਦੇ ਹਨ । ਘੋੜੇ ਕੌਣ ਖਰੀਦਾ ਹੈ? ਇਹਦਾ ਆਂਕੜਾ ਕਿਤੇ ਤਾਂ ਹੋਏਗਾ;‘ਹੈ’, ਪਰ ਇਹ ਮਿਲ ਨਹੀਂ ਸਕਦਾ। ਕਿਉਂ ਨਹੀਂ ਮਿਲ ਸਕਦਾ? ਇਸ ਲਈ ਕਿ ਘਿੜੇ ਆਂਕੜੇ ਰੋਂਦ ਦਿੰਦੇ ਹਨ। ਇਸ ਤਰਾਂ ਕਵਿਤਾ ਚਲਦੀ ਹੈ ਅਤੇ ਤੀਜਾ ਜੋ ਚੁੱਪ ਹੈ ਅੰਤ ਵਿਚ ਕਹਿੰਦਾ ਹੈ ਕਿ ਇਕ ਦਿਨ ਆਂਕੜੇ ਉਠਣਗੇ ਅਤੇ ਘੋੜਿਆ ਨੂੰ ਰੌਂਦ ਦੇਣਗੇ। ਕਵਿਤਾ ਦੀ ਆਖ਼ਰੀ ਲਾਈਨ ਹੈ ਕਿ ਉਸ ਤੋਂ ਬਾਦ ਲੰਮੇ ਸਮੇਂ ਤੱਕ ਕੋਈ ਬਹਿਸ ਨਹੀਂ ਹੁੰਦੀ।

ਕੀ ਕੋਈ ਇਸ ਬਹਿਸ ਵਿਚ ਸ਼ਾਮਿਲ ਹੋਣਾ ਚਹੁੰਦਾ ਹੈ।

ਮੈਂ ਆਪਣੀ ਜ਼ਿੰਦਗੀ ਵਿਚ ਬਹੁਤ ਵਾਰ ਮਹਿਸੂਸ ਕੀਤਾ ਹੈ ਕਿ ਘੋੜਾ ਹਮੇਸ਼ਾ ਘੋੜਾ ਨਹੀਂ ਹੁੰਦਾ। ਮੋਹਨ ਸਿੰਘ ਦੇ ਅੱਥਰੇ ਘੋੜਿਆ ਵਾਲਾ ਰੱਥ ਤਲਵੰਡੀ ਉਪਰ ਰੰਗਲੀ ਆਥਣ ਲੈ ਕੇ ਆਉਂਦਾ ਹੈ। ਜਦੋਂ ਪੰਜਾਬੀ ਕਵਿਤਾ ਦੇ ਆਧੁਨਿਕਤਾ ਵਾਲੇ ਦਿਨਾਂ ਆ ਰਹੇ ਸਨ, ਇਕ ਨਵੇਂ ਮੁਹਾਵਰੇ ਅਜ਼ਾਇਬ ਕਮਲ ਲਿਖਦਾ ਹੈ ਲਿਖ਼ਤੁਮ ਕਾਲਾ ਘੋੜਾ। ਸਤੀ ਕਵਿਤਾ ਲਿਖਦਾ ਘੋੜਿਆਂ ਦੀ ਉਡੀਕ ਕਰਦਾ ਹੈ। ਜਿਉਂ ਜਿਉਂ ਬੰਦਾ ਮਸ਼ੀਨ ਵੱਲ ਡਿਗ ਰਿਹਾ ਹੈ ਠੀਕ ਉਦੋਂ ਸੁਖਪਾਲ ਦਾ ਘੋੜਾ ਭੁੱਖ ਜਿੰਨਾ ਹੀ ਘਾਹ ਖਾਂਦਾ ਹੈ, ਘਾਹ ਨਾਲ ਯਾਰੀ ਬਰਕਰਾਰ ਰੱਖਦਾ ਹੈ। ਵਲੈਤੀ ਚੰਦਨ ‘ਘੋੜਾ ਤੋਤਾ ਅਤੇ ਮਨੁੱਖ’ ਰਾਂਹੀ ਆਪਣਾ ਪੰਜਾਬੀ ਘੋੜਾ ਅੰਗਰੇਜ਼ੀ ਕਵਿਤਾ ਉਪਰ ਬਿਠਾਉਂਦਾ ਹੈ। ਨਾਜ਼ਿਮ ਹਿਕਮਤ ਦੀ ਇਕ ਕਵਿਤਾ ਵਿਚ ਡਿੱਗਦੇ ਹੋਏ ਘੋੜੇ ਦੀ ਪਿੱਠ ਤੋਂ ਕਿਸ਼ਤੀ ਤਿਲਕਦੀ ਹੈ। ਹੋਰ ਵੀ ਕਈ ਪ੍ਰਕਾਰ ਦੇ ਘੋੜੇ ਯਾਦ ਆ ਰਹੇ ਹਨ, ਪਰ ਫਿਲਹਾਲ ਸਤਿਆਰਥੀ ਦਾ ਘੋੜਾ ਬਾਦਸ਼ਾਹ ਬਣ ਗਿਆ ਹੈ।

ਇਕ ਦਿਨ ਦੁਪਹਿਰੇ ਫਿਰ ਅੱਖਾਂ ਮਲਦਾ ਮੈਂ ਇਸ ਘੋੜੇ ਨੂੰ ਆਪਣੇ ਕਮਰੇ ਵਿਚ ਖੜਾ ਦੇਖਦਾ ਹਾਂ। ਕਦੇ ਕਦੇ ਲਗਦਾ ਹੈ ਕਿ ਫਰਾਈਡ ਦਾ ਘੋੜਾ ਕਵੀ ਦੇ ਘੋੜੇ ਵਰਗਾ ਨਹੀਂ ਹੁੰਦਾ।

Write A Comment